Saturday , 19 August 2017
You are here: Home / ਸਾਹਿਤ / ਤੇਜ਼ਾਬ

ਤੇਜ਼ਾਬ

ਤੇਜ਼ਾਬ
ਆਧੁਨਿਕ ਸਮਾਜ ਦੇ ਚਿਹਰੇ ਦਾ ਇਕ ਧੱਬਾ
ਔਰਤ ਨੂੰ ਲੂੰਹਦੀ
ਵਹਿਸ਼ਤ ਦੀ ਅੱਗ
ਇੱਕੀਵੀਂ ਸਦੀ ਦੀ ਮਨੁੱਖਤਾ ਦਾ ਮੂੰਹ ਚਿੜਾਉਂਦਾ
ਦਰਿੰਦਗੀ ਦਾ ਨੰਗਾ ਨਾਚ।

ਤੇਜ਼ਾਬ
ਸਿਰਫ ਔਰਤ ਦਾ ਜਿਸਮ ਨਹੀਂ ਸਾੜਦਾ
ਮਮਤਾ ਨੂੰ ਲਹੂ ਲੁਹਾਣ ਕਰਦਾ।
ਮਾਸੂਮ ਬੱਚੀ ਦੀ ਅੱਖ ‘ਚ ਡਰ ਭਰਦਾ
ਅੱਲੜ੍ਹ ਮੁਟਿਆਰ ਦੇ ਸੁਪਨਿਆਂ ਨੂੰ ਛਲਣੀ ਕਰਦਾ

ਗੁੱਟ ‘ਤੇ ਬੰਨ੍ਹੀਆਂ ਰੱਖੜੀਆਂ ਦਾ ਮਜ਼ਾਕ ਉਡਾਉਂਦਾ
ਸੱਧਰਾਂ
ਉਮੰਗਾਂ
ਤੇ ਚਾਵਾਂ ਦੀ ਧੂਣੀ ਧੁਖਾਉਂਦਾ
ਕੁੱਖਾਂ ਨੂੰ ਲਾਂਬੂ ਲਾਉਂਦਾ।

ਉਹ ਜੋ ਔਰਤ ਨਾਲ ਲੜਨ ਲਈ
ਤੇਜ਼ਾਬ ਦਾ ਹਥਿਆਰ ਵਰਤਦੇ ਨੇ
ਉਨ੍ਹਾਂ ਦੇ ਦਿਲ ‘ਚੋਂ
ਮਾਂ ਮਰ ਚੁੱਕੀ ਹੁੰਦੀ ਏ
ਭੈਣ ਦੇ ਅਰਥ ਗੁੰਮ ਚੁੱਕੇ ਹੁੰਦੇ ਨੇ
ਧੀ ਉਨ੍ਹਾਂ ਦੇ ਵਿਹੜੇ ‘ਚ
ਜਨਮ ਲੈਣ ਤੋਂ ਇਨਕਾਰੀ ਹੋ ਜਾਂਦੀ ਏ
ਪਤਨੀ ਦੇ ਦਿਲ ‘ਚ ਸੁਪਨੇ ਰਾਖ ਹੋ ਚੁੱਕੇ ਹੁੰਦੇ ਨੇ।

ਉਹ ਨਹੀਂ ਜਾਣਦੇ
ਕਿ ਰੂਹ ਦਾ ਸੁਹੱਪਣ ਕੋਈ ਖੋਹ ਨਹੀਂ ਸਕਦਾ
ਉਹ ਨਹੀਂ ਜਾਣਦੇ
ਕਿ ਸੁਹੱਪਣ ਸਿਰਫ ਕਾਇਆ ਦਾ ਨਹੀਂ ਹੁੰਦਾ
ਸੁਪਨਿਆਂ ਦਾ ਹੁੰਦਾ ਏ
ਸਿਰੜ ਦਾ ਹੁੰਦਾ ਏ
ਦ੍ਰਿੜ੍ਹਤਾ ਦਾ ਹੁੰਦਾ ਏ।

ਉਹ ਜੋ ਤੇਜ਼ਾਬ ਦਾ ਹਥਿਆਰ ਵਰਤਦੇ ਨੇ
ਉਨ੍ਹਾਂ ਦੇ ਚਿਹਰੇ ਤਾਂ ਸਾਬਤ ਹੁੰਦੇ ਨੇ
ਪਰ ਜ਼ਮੀਰ ਰਾਖ ਹੋਈ ਹੁੰਦੀ ਏ।
ਉਨ੍ਹਾਂ ਦੀ ਬਦਸੂਰਤ ਰੂਹ ਤੋਂ ਡਰਦਾ
ਹਰ ਰਿਸ਼ਤਾ ਬੂਹਾ ਢੋਅ ਲੈਂਦਾ ਏ

ਉਹ ਨਹੀਂ ਜਾਣਦੇ
ਕਿ ਉਹ ਧਰਤੀ ਮਾਂ ਦੀ ਹਿੱਕ ‘ਤੇ ਸਾਹ ਲੈਂਦੇ
ਸਭ ਤੋਂ ਕਰੂਰ ਜੀਵ ਨੇ।

 -ਸਰਬਜੀਤ ਕੌਰ ਜੱਸ

 

 

 

 

 

T & T Honda