You are here: Home / ਸਾਹਿਤ / ਅੱਖੀਆਂ ਦੱਸ ਦਿੰਦੀਆਂ

ਅੱਖੀਆਂ ਦੱਸ ਦਿੰਦੀਆਂ

ਚਿਹਰੇ ਦਿਲ ਦੇ ਰਾਜ਼, ਅੱਖੀਆਂ ਦੱਸ ਦਿੰਦੀਆਂ।
ਬੁੱਲ੍ਹੀਆਂ ‘ਤੇ ਆਏ ਸਵਾਲ, ਅੱਖੀਆਂ ਦੱਸ ਦਿੰਦੀਆਂ।

ਉਚਾ ਬੋਲ ਕੇ ਝੂਠ ਲੁਕਾਇਆ ਜਾਂਦਾ ਨਾ,
ਕੀ ਕਿਸ ਦਾ ਕਿਰਦਾਰ, ਅੱਖੀਆਂ ਦੱਸ ਦਿੰਦੀਆਂ।

ਨਕਲੀ ਹਾਸੇ, ਅਸਲੀ ਗੱਲ ਦਬਾਉਣ ਕਿਵੇਂ,
ਸੱਚੋ-ਸੱਚ ਨਿਖਾਰ, ਅੱਖੀਆਂ ਦੱਸ ਦਿੰਦੀਆਂ।

ਦਿਲ ਵਿੱਚ ਕਿਸੇ ਦੇ ਪਿਆਰ ਜਾਂ ਕਿੰਨੀ ਕੌੜ ਭਰੀ,
ਨਜ਼ਰਾਂ-ਨਜ਼ਰਾਂ ਨਾਲ, ਅੱਖੀਆਂ ਦੱਸ ਦਿੰਦੀਆਂ।

ਮੂੰਹ ਵਿੱਚ ਰਾਮ, ਬਗਲ ਵਿੱਚ ਛੁਰੀ ਲੁਕਾਈ ਹੈ,
ਝੂਠਾ ਤੀਰਥ ਨਹਾਉਣ, ਅੱਖੀਆਂ ਦੱਸ ਦਿੰਦੀਆਂ।

ਕਿੱਥੇ ਕੀ ਚੰਗਿਆਈ, ਕੀ ਬੁਰਿਆਈ ਹੈ,
ਚੁੱਪੀ ਵੱਟ ਨਾ ਟਾਲ, ਅੱਖੀਆਂ ਦੱਸ ਦਿੰਦੀਆਂ।

ਝੁੱਕ-ਝੁੱਕ ਕੇ ਜੋ, ਚਾਪਲੂਸੀ ਕਰਦਾ ਹੈ,
ਬੰਦਾ ਖੋਜ ਖੁਆਰ, ਅੱਖੀਆਂ ਦੱਸ ਦਿੰਦੀਆਂ।

ਲੱਖਾਂ ਵਿੱਚ ਵੀ, ਛੁਪਾ ਛੁਪਾਈ ਨਹੀਂ ਚੱਲਦੀ,
ਕੌਣ ਸੋਹਣੀ ਮਹੀਂਵਾਲ, ਅੱਖੀਆਂ ਦੱਸ ਦਿੰਦੀਆਂ।

ਦੁੱਖ ਦੇ ਫੋੜੇ, ਜਦ ਅੱਥਰੂ ਬਣਦੇ ਨੇ,
ਢਿੱਡ ਦੇ ਗਮ ਗੁਬਾਰ, ਅੱਖੀਆਂ ਦੱਸ ਦਿੰਦੀਆਂ।

ਕੀ ਖਾਧਾ ਤੇ ਕੀ ਲੋਕਾਂ ਨੂੰ ਦੱਸਦੇ ਹਾਂ,
ਜੀਭਾਂ ਲਏ ਸੁਆਦ, ਅੱਖੀਆਂ ਦੱਸ ਦਿੰਦੀਆਂ।

ਕਿਸ ਰਾਹ ਦੀ ਕੀ ਮੰਜ਼ਿਲ, ਅੱਗੇ ਆਏਗੀ,
ਤੁਰਨ ਤੋਂ ਪਹਿਲਾਂ ਸਾਰ, ਅੱਖੀਆਂ ਦੱਸ ਦਿੰਦੀਆਂ।

ਮਾੜੇ ਦਾ ਤਾਂ ਹਸ਼ਰ, ਬਠਿੰਡਵੀ ਮਾੜਾ ਹੈ,
ਪਰ ਰੁਕਦਾ ਨਹੀਂ ਇਨਸਾਨ, ਅੱਖੀਆਂ ਦੱਸ ਦਿੰਦੀਆਂ।

 -ਅਮਰਜੀਤ ਬਠਿੰਡਵੀ

 

 

 

 

 

T & T Honda