Saturday , 19 August 2017
You are here: Home / ਸਾਹਿਤ / ਕੁੜੀ ਹੁਣ ਚਿੜੀ ਨਹੀਂ ਰਹੀ

ਕੁੜੀ ਹੁਣ ਚਿੜੀ ਨਹੀਂ ਰਹੀ

ਸਮੇਂ ਦੀ ਕਰਵਟ
ਮੇਰੇ ਲਈ
ਆਨੰਦ ਦਾ ਅਹਿਸਾਸ ਹੈ।

ਹਾਂ
ਲੋਕ ਜਾਗਰਤੀ
ਸਿੰਜ ਰਹੀ ਹੈ
ਮੇਰੀਆਂ
ਨਿੱਕੀਆਂ ਕਲਮਾਂ ਨੂੰ

ਤੇ
ਮੇਰੇ ਫੁੱਟਣ ਨੂੰ
ਉਡੀਕਣ ਲੱਗੀ ਹੈ
ਕਾਇਨਾਤ

ਪੱਬਾਂ ਭਾਰ ਹੋ
ਲੱਗਣ ਲੱਗੇ ਨੇ
ਸ਼ਾਮਿਆਨੇ

ਵੰਡ ਹੋ ਰਹੀਆਂ ਨੇ
ਮਠਿਆਈਆਂ
ਮਿਲ ਰਹੀਆਂ ਨੇ
ਵਧਾਈਆਂ

ਤੇ
ਮਿਲਣ ਲੱਗੀਆਂ ਨੇ
ਮੇਰੇ ਹਿੱਸੇ ਦੀਆਂ
ਲੋਰੀਆਂ

ਸਕੂਲ ਕੀ
ਕਾਲਜ ਕੀ
ਹਰ ਖਿੱਤੇ ‘ਚ
ਮਿਲ ਰਹੀ ਕਾਮਯਾਬੀ
ਮੇਰੇ ਲਈ
ਆਨੰਦ ਦਾ ਅਹਿਸਾਸ ਹੈ

ਹਾਂ ਉਦੋਂ
ਵਲੂੰਧਰ ਜ਼ਰੂਰ ਜਾਂਦੀ ਹਾਂ
ਜਦੋਂ
ਕਿਸੇ ਮਰਦ ਦੀ
ਪਲੀਤ ਅੱਖ
ਕਰਨ ਲੱਗਦੀ ਹੈ
ਮੇਰਾ ਚੀਰ ਹਰਣ।

ਪਰ
ਚਿੜੀਆਂ ਦੀ ਦੁਨੀਆ
ਹੁਣ ਮੈਨੂੰ
ਭਾਅ ਨਹੀਂ ਰਹੀ
ਬਾਜ਼ਾਂ ਦੇ
ਖੁੱਲ੍ਹੇ ਆਸਮਾਨ ‘ਚ
ਉਡਣਾ ਜੋ ਸਿੱਖ ਲਿਆ
ਤੱਕਣਾ ਜੋ ਸਿੱਖ ਲਿਆ
ਝਪਟਣਾ ਜੋ ਸਿੱਖ ਲਿਆ

ਹਾਂ, ਸੱਚੀ!
ਇਹ ਸਾਰਾ ਕੁਝ
ਮੇਰੇ ਲਈ
ਆਨੰਦ ਦਾ ਅਹਿਸਾਸ ਹੈ।

-ਕੁਲਵਿੰਦਰ ਸਿੰਘ ਬਿੱਟੂ

 

 

 

 

 

 

T & T Honda