Saturday , 19 August 2017
You are here: Home / ਕੈਨੇਡਾ / ਕੈਨੇਡਾ ਦੀ ਰੱਖਿਆ ਨੀਤੀ ’ਤੇ ਵਿਚਾਰਾਂ ਲਈ ਕਮੇਟੀ ਬਣਾਈ
ਕੈਨੇਡਾ ਦੀ ਰੱਖਿਆ ਨੀਤੀ ’ਤੇ ਵਿਚਾਰਾਂ ਲਈ ਕਮੇਟੀ ਬਣਾਈ

ਕੈਨੇਡਾ ਦੀ ਰੱਖਿਆ ਨੀਤੀ ’ਤੇ ਵਿਚਾਰਾਂ ਲਈ ਕਮੇਟੀ ਬਣਾਈ

ਓਟਵਾ, 7 ਅਪਰੈਲ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਦੇਸ਼ ਦੀ ਰੱਖਿਆ ਨੀਤੀ ’ਤੇ ਨਜ਼ਰਸਾਨੀ ਲਈ ਅਹਿਮ ਹਸਤੀਆਂ ਦੀ ਨਿਗਰਾਨੀ ਹੇਠ ਕਮੇਟੀ ਬਣਾਈ ਹੈ। ਕਮੇਟੀ ਵੱਲੋਂ ਫ਼ੌਜ ਦੀ ਨਫ਼ਰੀ, ਹਥਿਆਰਾਂ, ਸਾਜ਼ੋ-ਸਾਮਾਨ ਅਤੇ ਉਸ ਦੇ ਭਵਿੱਖ ਬਾਰੇ ਵਿਆਪਕ ਯੋਜਨਾ ਬਣਾਈ ਜਾਏਗੀ। ਸਲਾਹਕਾਰ ਕਮੇਟੀ ’ਚ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਲੂਈਜ਼ ਅਰਬੋਰ, ਲਿਬਰਲ ਪਾਰਟੀ ਦੇ ਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਸਾਬਕਾ ਮੰਤਰੀ ਬਿਲ ਗ੍ਰਾਹਮ, ਫ਼ੌਜ ਦੇ ਸਾਬਕਾ ਮੁਖੀ ਰੇਅ ਹਿਨੌਲਟ ਅਤੇ ਸਾਬਕਾ ਸਹਾਇਕ ਉਪ ਰੱਖਿਆ ਮੰਤਰੀ ਮਾਰਗਰੇਟ ਪੁਰਡੀ ਸ਼ਾਮਲ ਹਨ। ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨੀਤੀ ਦਾ ਖਰੜਾ ਅਗਲੇ ਸਾਲ ਦੇ ਸ਼ੁਰੂ ’ਚ ਪ੍ਰਕਾਸ਼ਤ ਵੀ ਕੀਤਾ ਜਾਏਗਾ।

ਸ੍ਰੀ ਸੱਜਣ ਨੇ ਕਿਹਾ ਕਿ ਆਨਲਾਈਨ ਪੋਰਟਲ ਅਤੇ ਬੈਠਕਾਂ ਰਾਹੀਂ ਕੈਨੇਡਾ ਦੇ ਲੋਕ ਵੀ ਰੱਖਿਆ ਨੀਤੀ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸੈਨੇਟ ਅਤੇ ਹਾਊਸ ਆਫ਼ ਕਾਮਨਜ਼ ਦੀਆਂ ਰੱਖਿਆ ਕਮੇਟੀਆਂ ਵੀ ਇਸ ਅਮਲ ’ਚ ਅਹਿਮ ਭੂਮਿਕਾਵਾਂ ਨਿਭਾਉਣਗੀਆਂ। ਕੈਨੇਡੀਅਨ ਰੱਖਿਆ ਮੰਤਰੀ ਨੇ ਕਿਹਾ ਕਿ ਆਖਰੀ ਵਾਰ 1994 ’ਚ ਰੱਖਿਆ ਨੀਤੀ ਦੀ ਨਜ਼ਰਸਾਨੀ ਕੀਤੀ ਗਈ ਸੀ ਅਤੇ ਹੁਣ ਇਸ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਦੇਸ਼ਵਾਸੀਆਂ ਨੂੰ ਸੁਰੱਖਿਅਤ ਰੱਖਣ ਅਤੇ ਦੁਨੀਆ ’ਚ ਆਪਣਾ ਰੁਤਬਾ ਕਾਇਮ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਹਾਕਿਆਂ ’ਚ ਫ਼ੌਜ ਦੀਆਂ ਲੋੜਾਂ ਅਤੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਿਆ ਜਾਏਗਾ।

T & T Honda