Saturday , 19 August 2017
You are here: Home / ਕੈਨੇਡਾ / ਕਾਮਾਗਾਟਾਮਾਰੂ ਦੁਖਾਂਤ ਲਈ ਭਾਰਤੀਆਂ ਤੋਂ ਮੁਆਫੀ ਮੰਗਣਗੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ
ਕਾਮਾਗਾਟਾਮਾਰੂ ਦੁਖਾਂਤ ਲਈ ਭਾਰਤੀਆਂ ਤੋਂ ਮੁਆਫੀ ਮੰਗਣਗੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ

ਕਾਮਾਗਾਟਾਮਾਰੂ ਦੁਖਾਂਤ ਲਈ ਭਾਰਤੀਆਂ ਤੋਂ ਮੁਆਫੀ ਮੰਗਣਗੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ

ਕੈਲਗਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਹੈ ਕਿ ਵੀਹਵੀਂ ਸਦੀ ਦੀ ਸ਼ੁਰੂਆਤ ‘ਚ ਕੈਨੇਡਾ ਵੱਲੋਂ ਭਾਰਤੀਆਂ ਨਾਲ ਇਮੀਗ੍ਰੇਸ਼ਨ ਪਾਲਸੀਆਂ ਰਾਹੀਂ ਕੀਤੇ ਗਏ ਵਿਤਕਰੇ ਕਾਰਨ ਹੋਏ ਵੱਡੇ ਨੁਕਸਾਨ (ਕਾਮਾਗਾਟਾਮਾਰੂ ਦੁਖਾਂਤ) ਲਈ ਉਹ ਭਾਰਤ ਵਾਸੀਆਂ ਕੋਲੋਂ ਮੁਆਫ਼ੀ ਮੰਗਣਗੇ। 
ਜ਼ਿਕਰਯੋਗ ਹੈ ਕਿ ਜਾਪਾਨ ਦਾ ਬਣਿਆ ਹੋਇਆ ਕਾਮਾਗਾਟਾਮਾਰੂ ਜਹਾਜ਼ 23 ਮਈ 1914 ਨੂੰ ਬੁਰਾਲਡ ਅਨਲੈਟ ਵਿਖੇ ਪੁੱਜਿਆ ਸੀ। ਇਸ ਜਹਾਜ਼ ਵਿਚ ਕੁੱਲ 376 ਭਾਰਤੀ ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਿੱਖ ਸਨ। ਉਸ ਸਮੇਂ ਦੀ ਕੈਨੇਡਾ ਸਰਕਾਰ ਵੱਲੋਂ ਇਨ੍ਹਾਂ ਯਾਤਰੀਆਂ ਵਿਚੋਂ ਕੁਝ ਕੁ ਯਾਤਰੀਆਂ ਨੂੰ ਹੀ ਜਹਾਜ਼ ਤੋਂ ਉਤਰਨ ਦੀ ਆਗਿਆ ਦਿੱਤੀ ਸੀ ਜਦਕਿ ਬਾਕੀਆਂ ਨੂੰ ਜਹਾਜ਼ ‘ਤੇ ਹੀ ਰਹਿਣ ਲਈ ਕਿਹਾ ਗਿਆ ਸੀ। ਦੋ ਮਹੀਨਿਆਂ ਬਾਅਦ ਇਹ ਜਹਾਜ਼ ਵਾਪਸ ਭਾਰਤ ਪਰਤ ਗਿਆ ਸੀ ਅਤੇ ਜਦੋਂ ਇਹ ਜਹਾਜ਼ ਕਲਕੱਤੇ ਪੁੱਜਿਆ ਤਾਂ ਬ੍ਰਿਟਿਸ਼ ਇੰਡੀਆ ਦੀ ਪੁਲਸ ਵੱਲੋਂ 19 ਯਾਤਰੀਆਂ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ ਸੀ। ਇਸ ਸਾਲ ਕਾਮਾਗਾਟਾਮਾਰੂ ਦੀ ਇਸ ਘਟਨਾ ਨੂੰ 102 ਵਰ੍ਹੇ ਹੋਣ ਜਾ ਰਹੇ ਹਨ। 
ਅੱਜ ਸਵੇਰੇ ਓਟਾਵਾ ਵਿਖੇ ਵਿਸਾਖੀ ਮੌਕੇ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਸਮੇਂ ਦੇ ਕਾਨੂੰਨ ਨੂੰ ਪੱਖਪਾਤੀ ਦੱਸਦਿਆਂ ਕਿਹਾ ਕਿ, ‘ਕਾਮਾਗਾਟਾਮਾਰੂ ਦੇ ਯਾਤਰੀਆਂ ਨੂੰ ਕਾਨੂੰਨ ਮੁਤਾਬਕ ਕੈਨੇਡਾ ਦੀ ਧਰਤੀ ‘ਤੇ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ। ਇਹ ਯਾਤਰੀ ਆਪਣੇ ਅਤੇ ਆਪਣੇ ਪਰਿਵਾਰ ਲਈ ਇਕ ਵਧੀਆ ਅਤੇ ਚੰਗੇ ਜੀਵਨ ਦੀ ਤਲਾਸ਼ ਵਿਚ ਇੱਥੇ ਆਏ ਸਨ।’ ਉਨ੍ਹਾਂ ਕਿਹਾ ਕਿ, ‘ਉਨ੍ਹਾਂ ਯਾਤਰੀਆਂ ਵੱਲੋਂ ਲੰਮੀ ਯਾਤਰਾ ਤੋਂ ਬਾਅਦ ਕੈਨੇਡਾ ਨੂੰ ਆਪਣਾ ਰੈਣ ਬਸੇਰਾ ਬਣਾਉਣ ਦਾ ਫ਼ੈਸਲਾ ਲਿਆ ਗਿਆ ਪਰ ਤਤਕਾਲੀਨ ਕੈਨੇਡਾ ਸਰਕਾਰ ਨੇ ਉਨ੍ਹਾਂ ਦੇ ਇਰਾਦਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਇਕ ਰਾਸ਼ਟਰ ਹੋਣ ਦੇ ਨਾਤੇ ਅਸੀਂ ਕਦੇ ਵੀ ਇਸ ਦਿਨ ਨੂੰ ਨਹੀਂ ਭੁਲਾ ਸਕਦੇ, ਜਿਸ ਦਿਨ ਕੈਨੇਡੀਅਨ ਸਰਕਾਰ ਦੀਆਂ ਨੀਤੀਆਂ ਕਾਰਨ ਸੈਂਕੜੇ ਸਿੱਖਾਂ ਨੂੰ ਆਪਣੇ ਪਰਿਵਾਰਾਂ ਸਮੇਤ ਤਸ਼ੱਦਦ ਝੱਲਣੇ ਪਏ।’ 
ਟਰੂਡੋ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਦਿਨ ਨੂੰ ਨਾ ਹੀ ਅਸੀਂ ਭੁੱਲੇ ਹਾਂ ਅਤੇ ਨਾ ਹੀ ਕਦੇ ਭੁਲਾ ਸਕਾਂਗੇ। ਉਨ੍ਹਾਂ ਐਲਾਨ ਕੀਤਾ ਕਿ ਉਹ 18 ਅਪ੍ਰੈਲ ਦੇ ਦਿਨ ਹਾਊਸ ਆਫ਼ ਕਾਮਨਜ਼ ਵਿਚ ਇਸ ਘਟਨਾ ਲਈ ਮੁਆਫ਼ੀ ਮੰਗਣਗੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੇ ਮੁਆਫੀ ਮੰਗਣ ਨਾਲ ਇਸ ਦੁਖਾਂਤ ਨੂੰ ਹੰਢਾਉਣ ਵਾਲਿਆਂ ਦੀ ਪੀੜ ਘੱਟ ਨਹੀਂ ਹੋਵੇਗੀ ਪਰ ਮੁਆਫੀ ਮੰਗਣਾ ਜਰੂਰੀ ਹੈ ਅਤੇ ਪਾਰਲੀਮੈਂਟ ਵਿਚ ਇਹ ਮੁਆਫੀ ਮੰਗੇ ਜਾਣਾ ਹੋਰ ਵੀ ਸਹੀ ਹੈ।

T & T Honda