Saturday , 19 August 2017
You are here: Home / ਸਮਾਜਿਕ / ਸਭਿਆਚਾਰਕ / ਨਹੀਂ ਭੁੱਲਦੀ ਕਣਕ ਦੀ ਉਹ ਵਾਢੀ
ਨਹੀਂ ਭੁੱਲਦੀ ਕਣਕ ਦੀ ਉਹ ਵਾਢੀ

ਨਹੀਂ ਭੁੱਲਦੀ ਕਣਕ ਦੀ ਉਹ ਵਾਢੀ

ਮੈਂ ਆਪਣੀ ਉਮਰ ਦੀ ਗੋਲਡਨ ਜੁਬਲੀ ਮਨਾਉਣ ਨੇੜੇ ਪਹੁੰਚ ਗਿਆ ਹਾਂ। ਆਪਣੀ ਉਮਰ ਦੇ ਇਨ੍ਹਾਂ ਪੰਜਾਹ ਸਾਲਾਂ ਵਿੱਚ ਕਈ ਖੁਸ਼ੀ ਨਾਲ ਭਰੇ ਅਤੇ ਕੌੜੇ-ਫਿੱਕੇ ਪਲ ਮਾਣ ਚੁੱਕਾ ਹਾਂ। ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਸਦਕਾ ਮੇਰੇ ਦਿਮਾਗ ਦੇ ਯਾਦਾਂ ਦੇ ਖਜ਼ਾਨੇ ਵਿੱਚ ਬਹੁਤ ਕੁਝ ਭਰਿਆ ਪਿਆ ਹੈ, ਜਿਸ ਨੂੰ ਕਲਮ ਨਾਲ ਸ਼ਬਦਾਂ ਦਾ ਰੂਪ ਦੇ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਅੱਜ ਕੱਲ੍ਹ ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ। ਚਾਰੇ ਪਾਸੇ ਕਣਕ ਦੀ ਕਟਾਈ ਕਰਨ ਲਈ ਕੰਬਾਈਨਾਂ ਧੂੜਾਂ ਪੱਟ ਰਹੀਆਂ ਹਨ। ਨਾਲ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਲੰਕਾ ਦਾਹ ਕਰੀ ਜਾਂਦੀਆਂ ਹਨ। ਜੱਟਾਂ ਦੇ ਨੌਜਵਾਨ ਮੁੰਡੇ ਵੱਡੇ-ਵੱਡੇ ਟਰੈਕਟਰਾਂ ‘ਤੇ ਡੈੱਕ ਲਾ ਕੇ ਨਜ਼ਾਰੇ ਬੰਨ੍ਹੀਂ ਫਿਰਦੇ ਹਨ। ‘ਦਾਤੀ ਨੂੰ ਲਵਾ ਦੇ ਘੁੰਗਰੂ ਹਾੜੀ ਵੱਢੂੰਗੀ ਬਰਾਬਰ ਤੇਰੇ’ ਵਾਲੀ ਜੋੜੀ ਹੱਥੀਂ ਵਾਢੀ ਕਰਦੀ ਹੁਣ ਵਿਰਲੀ ਨਜ਼ਰ ਆਉਂਦੀ ਹੈ। ਕਿਸੇ ਪਾਸੇ ਕਣਕ ਦੀ ਖੜੀ ਫਸਲ ਨੂੰ ਮਨੁੱਖ ਦੀ ਗਲਤੀ ਨਾਲ ਅੱਗ ਲੱਗ ਰਹੀ ਹੈ ਤੇ ਕਿਸੇ ਪਾਸੇ ਜੱਟ ਖੁਦ ਕਣਕ ਦੇ ਨਾੜ ਨੂੰ ਅੱਗ ਲਾ ਕੇ ਧੂੰਆਂ ਹੀ ਧੂੰਆਂ ਕਰੀ ਜਾਂਦਾ ਹੈ। ਚਾਰੇ ਪਾਸੇ ਆਪੋ-ਧਾਪੀ ਪਈ ਹੋਈ ਹੈ।
ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਕੇ ਮੇਰੀ ਯਾਦਾਂ ਦੀ ਚੰਗੇਰ ਚਾਲ ਸਾਲ ਪਿਛਾਂਹ ਨੂੰ ਚਲੀ ਗਈ ਹੈ। ਉਸ ਸਮੇਂ ਕਣਕ ਦੀ ਵਾਢੀ ਸ਼ੌਕ ਨਾਲ ਹੱਥੀਂ ਕੀਤੀ ਜਾਂਦੀ ਸੀ। ਕਣਕ ਦੀ ਫਸਲ ਪੱਕਣ ਤੋਂ ਪਹਿਲਾਂ ਜ਼ਿੰਮੀਦਾਰ ਅਤੇ ਦਿਹਾੜੀਦਾਰ ਕਾਮੇ ਬੜੇ ਸ਼ੌਕ ਨਾਲ ਦਾਤੀਆਂ ਬਣਵਾਉਂਦੇ ਸਨ। ਮੇਰੇ ਪਿੰਡ ਦੇ ਮਿਸਤਰੀ ਕਰਤਾਰ ਸਿੰਘ ਅਤੇ ਅਰਜਨ ਸਿੰਘ ਦੇ ਹੱਥੀਂ ਬਣਾਈ ਦਾਤੀ ਦੀ ਫੁੱਲ ਚੜ੍ਹਾਈ ਹੁੰਦੀ ਸੀ। ਇਸ ਦਾਤੀ ਦੇ ਦਸਤੇ ਵਿੱਚ ‘ਕਾਲੀ ਨਾਗਣੀ’ ਅਫੀਮ ਦੇ ਰੱਖਣ ਲਈ ਇੱਕ ਡੱਬੀ ਬਣਾਈ ਹੁੰਦੀ ਸੀ। ਕਣਕ ਦੀ ਵਾਢੀ ਕਰਨ ਵਾਲੇ ਇੱਕ ਦੂਜੇ ਨਾਲ ਸ਼ਰਤ ਲਾ ਕੇ ਵਾਢੀ ਕਰਦੇ ਸਨ। ਜਿਹੜੀ ਜੋੜੀ ਆਪਣੀ ਓਲੀ ਪਹਿਲਾਂ ਸਿਰੇ ਲਾ ਦਿੰਦੀ, ਉਹ ਜੇਤੂ ਮੰਨੀ ਜਾਂਦੀ ਸੀ। ਵਾਢੀ ਸਮੇਂ ਖੇਤਾਂ ਵਿੱਚ ‘ਚੱਕ ਦੇ ਓਏ’, ‘ਔਹ ਗਿਆ’ ਦੇ ਲਲਕਾਰੇ ਵੱਜਦੇ ਸਨ। ਛਾਵੇਂ ਰੱਖਿਆ ਕੋਰੇ ਘੜੇ ਦਾ ਪਾਣੀ ਅੱਜਕੱਲ੍ਹ ਦੀ ਫਰਿੱਜ਼ ਅਤੇ ਫਿਲਟਰ ਦੇ ਪਾਣੀ ਨੂੰ ਪਿਛਾਂਹ ਸੁੱਟਦਾ ਸੀ। ਜ਼ਮੀਨ ‘ਚ ਕੱਚਾ ਚੁੱਲ੍ਹਾ ਬਣਾ ਕੇ ਪਤੀਲੀ ਵਿੱਚ ਬਣਾਈ ਚਾਹ ਸਾਰੇ ਦੁੱਖ ਤੋੜ ਦਿੰਦੀ ਸੀ। ਹਾੜੀ ਦੀ ਵਾਢੀ ਸਮੇਂ ਲੋਕੀਂ ਅੱਖ ਖੜ੍ਹੀ ਰੱਖਣ ਲਈ ਕਾਲੀ ਨਾਗਣੀ ਖਾ ਲੈਂਦੇ ਸਨ।
ਉਸ ਸਮੇਂ ਕਣਕ ਦੀ ਵਾਢੀ ਕਰਨ ਵਾਲੇ ਬੰਦਿਆਂ ਦੀ ਰੋਟੀ ਘਰੋਂ ਔਰਤਾਂ ਖੇਤ ਲੈ ਕੇ ਜਾਂਦੀਆਂ ਸਨ। ਮੈਨੂੰ ਆਪਣੇ ਅੱਖੀਂ ਵੇਖਿਆ ਇੱਕ ਵਾਕਿਆ ਯਾਦ ਹੈ। ਸਾਡੇ ਨਾਲ ਵਾਲੇ ਖੇਤ ਵਿੱਚ ਤਿੰਨ ਭਰਾ ਮਜ਼ਦੂਰਾਂ ਨਾਲ ਕਣਕ ਦੀ ਵਾਢੀ ਕਰ ਰਹੇ ਸਨ। ਕਣਕ ਚੰਗੀ ਭਾਰੀ ਹੋਣ ਕਾਰਨ ਕੰਧ ਵਾਂਗ ਖੜੀ ਸੀ। ਉਨ੍ਹਾਂ ਦੀ ਮਾਂ ਜਦੋਂ ਰੋਟੀ ਲੈ ਕੇ ਖੇਤ ਪਹੁੰਚੀ ਤਾਂ ਰੋਟੀ ਤੂਤ ਦੀ ਛਾਵੇਂ ਰੱਖ ਕੇ ਰੋਟੀ ਖਾਣ ਨੂੰ ਆਵਾਜ਼ ਮਾਰੀ। ਸਾਰੇ ਰੋਟੀ ਖਾਣ ਲਈ ਬੈਠ ਗਏ। ਜਦ ਉਨ੍ਹਾਂ ਦੀ ਮਾਂ ਰੋਟੀ ਵਰਤਾਉਣ ਲੱਗੀ ਤਾਂ ਮਜ਼ਦੂਰ ਗੁੱਸੇ ਨਾਲ ਖੜੇ ਹੋ ਗਏ, ਕਿਉਂਕਿ ਉਹ ਆਪਣੇ ਪੁੱਤਾਂ ਲਈ ਰੋਟੀ ਨਾਲ ਸ਼ੱਕਰ-ਘਿਓ ਲੈ ਕੇ ਆਈ ਸੀ ਤੇ ਮਜ਼ਦੂਰਾਂ ਲਈ ਸਾਦੀ ਰੋਟੀ। ਮਜ਼ਦੂਰ ਇਹ ਵਿਤਕਰਾ ਬਰਦਾਸ਼ਤ ਨਾ ਕਰ ਸਕੇ ਤੇ ਕਹਿਣ ਲੱਗੇ; ਮਾਂ ਹੁਣ ਤੂੰ ਵੱਟ ਉੱਤੇ ਖੜ ਕੇ ਵੇਖ। ਸ਼ੱਕਰ-ਘਿਓ ਨਾਲ ਰੋਟੀ ਉਹੀ ਖਾਣਗੇ, ਜਿਹੜੇ ਕਣਕ ਦੀ ਵਾਢੀ ਵਿੱਚ ਸਭ ਤੋਂ ਅੱਗੇ ਜਾਣਗੇ। ਰੋਟੀ ਵਚਾਲੇ ਛੱਡ ਕੇ ਸਾਰੇ ਦੁਬਾਰਾ ਕਣਕ ਦੀ ਵਾਢੀ ਕਰਨ ਬੈਠ ਗਏ। ਮਜ਼ਦੂਰਾਂ ਨੇ ਮਾਂ ਦੇ ਪੁੱਤਾਂ ਦੇ ਨਾਸੀਂ ਧੂੰਆਂ ਲਿਆ ਦਿੱਤਾ। ਅਖੀਰ ਮਾਂ ਦੇ ਤਿੰਨੇ ਪੁੱਤ ਹਾਰ ਮੰਨ ਕੇ ਖੜੇ ਹੋ ਗਏ ਤੇ ਮਜ਼ਦੂਰਾਂ ਨੇ ਸ਼ੱਕਰ-ਘਿਓ ਨਾਲ ਰੋਟੀ ਖਾਧੀ।
ਅੱਜ ਵੀ ਜਿਊਂਦਾ ਹੈ ਬਹੱਤਰ ਸਾਲਾਂ ਨੂੰ ਢੁਕਿਆ ਮੇਰਾ ਚਾਚਾ ਕਰਨੈਲ ਸਿਉਂ, ਜਿਸ ਨੇ ਸ਼ਰਤ ਲਾ ਕੇ ਇਕੱਲੇ ਨੇ ਇੱਕ ਦਿਹਾੜੀ ਵਿੱਚ ਕਣਕ ਦਾ ਪੂਰਾ ਕਿੱਲਾ ਵੱਢ ਕੇ ਪੀਪਾ ਦੇਸੀ ਘਿਓ ਦਾ ਜਿੱਤ ਲਿਆ ਸੀ। ਜਦੋਂ ਖੇਤਾਂ ਵਿੱਚ ਕਣਕ ਦੀ ਲਗਭਗ ਸਾਰੀ ਵਾਢੀ ਹੋਣ ਨੇੜੇ ਪਹੁੰਚ ਜਾਂਦੀ ਤਾਂ ਅਖੀਰ ਵਿੱਚ ਕਣਕ ਗਰੀਬਾਂ ਲਈ ਛੱਡ ਦਿੱਤੀ ਜਾਂਦੀ ਸੀ। ਵੱਢੀ ਹੋਈ ਕਣਕ ਨੂੰ ਉਡਣ ਤੋਂ ਬਚਾਉਣ ਲਈ ਇੱਕ ਥਾਂ ਮੰਡਲੀ ਲਾ ਦਿੱਤੀ ਜਾਂਦੀ ਸੀ। ਕਣਕ ਦੀ ਫਲਿਆਂ ਨਾਲ ਗਹਾਈ ਕਰਨ ਲਈ ਇਸ ਨੂੰ ਲੱਕੜ ਦੇ ਗੱਡਿਆਂ ਨਾਲ ਪਿੰਡ ਨੇੜੇ ਬਣਾਏ ਪਿੜਾਂ ਵਿੱਚ ਇਕੱਠਾ ਕੀਤਾ ਜਾਂਦਾ ਸੀ। ਕਣਕ ਦਾ ਬੋਹਲ ਲਾਉਣ ਲਈ ਇੱਕ ਆਦਮੀ ਹਵਾ ਦੇ ਰੁੱਖ ਮੁਤਾਬਕ ਛੱਜਲੀ ਲਾਉਂਦਾ ਤੇ ਦੂਜਾ ਆਦਮੀ ਮਾਂਜੇ ਨਾਲ ਤੂੜੀ ਤੇ ਘੁੰਡੀਆਂ ਅਲੱਗ ਕਰੀ ਜਾਂਦਾ।
ਸਾਲ ਭਰ ਖਾਣ ਜੋਗੀ ਕਣਕ ਮਿੱਟੀ ਦੇ ਭੜੋਲੇ ਵਿੱਚ ਪਾ ਲਈ ਜਾਂਦੀ ਅਤੇ ਬਾਕੀ ਬਚੀ ਕਣਕ ਗੱਡੇ ‘ਤੇ ਲੱਦ ਕੇ ਮੰਡੀ ਵੇਚਣ ਲਈ ਤੁਰ ਪੈਂਦੇ ਸਨ। ਉਸ ਸਮੇਂ ਜਿਮੀਂਦਾਰ ਤਬਕਾ ਕਰਜ਼ਾ ਲੈਣ ਤੋਂ ਡਰਦਾ ਸੀ। ਤੰਗੀ ਤੁਰਸ਼ੀ ਨਾਲ ਟਾਈਮ ਪਾਸ ਕਰਦਾ ਸੀ। ਜਿਮੀਂਦਾਰ ਦੀ ਇੱਕੋ ਸੀਰੀ ਨਾਲ ਸਾਰੀ ਉਮਰ ਨਿਭ ਜਾਂਦੀ ਸੀ। ਉਸ ਸਮੇਂ ਜੱਟ ਵਾਕਿਆ ਹੀ ਦਮਾਮੇ ਮਾਰਦਾ ਵਿਸਾਖੀ ਦੇ ਮੇਲੇ ਜਾਂਦਾ ਸੀ। ਉਨ੍ਹਾਂ ਦਿਨਾਂ ਵਿੱਚ ਕਿਸੇ ਜੱਟ ਨੂੰ ਕੈਂਸਰ, ਜੋੜਾਂ ਦਾ ਦਰਦ, ਇਨਫੈਕਸ਼ਨ ਆਦਿ ਕੋਈ ਬਿਮਾਰੀ ਨਹੀਂ ਸੀ ਹੁੰਦੀ। ਖੁਦਕੁਸ਼ੀ ਵਾਲੀ ਗੱਲ ਕਦੇ ਸੁਣੀ ਹੀ ਨਹੀਂ ਸੀ।

 

 

-ਬਲਵੀਰ ਸਿੰਘ ਰਣੀਆ

T & T Honda