Saturday , 19 August 2017
You are here: Home / ਸਮਾਜਿਕ / ਸਭਿਆਚਾਰਕ / ‘ਪਗੜੀ ਸੰਭਾਲ ਜੱਟਾ’ ਦੇ ਮਾਅਨੇ
‘ਪਗੜੀ ਸੰਭਾਲ ਜੱਟਾ’ ਦੇ ਮਾਅਨੇ

‘ਪਗੜੀ ਸੰਭਾਲ ਜੱਟਾ’ ਦੇ ਮਾਅਨੇ

ਅਰਬੀ ਮੂਲ ਦਾ ਸ਼ਬਦ ਤਵਾਰੀਖ, ਤਾਰੀਖ ਦਾ ਬਹੁ-ਵਚਨ ਹੈ। ਇਤਿਹਾਸ ਜਾਂ ਇਤਿਹਾਸਕ ਘਟਨਾਵਾਂ ਦੇ ਤਾਰੀਖਵਾਰ ਵਰਣਨ ਨੂੰ ਤਵਾਰੀਖ ਕਿਹਾ ਜਾਂਦਾ ਹੈ। ਸਾਂਝੇ ਸਾਹ ਲੈਂਦਿਆਂ ਸਾਂਝੇ ਕਾਰਜ ਵਾਸਤੇ ਵਿੱਢੇ ਅੰਦੋਲਨ ਤੋਂ ਇਤਿਹਾਸ ਦੇ ਸੁਨਹਿਰੀ ਪੰਨੇ ਬਣਦੇ ਹਨ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਸੰਧੂ ਅਤੇ ਲਾਲਾ ਲਾਜਪਤ ਰਾਏ ਵੱਲੋਂ ਛੋਟੀ ਕਿਸਾਨੀ ਦੇ ਹੱਕਾਂ ਦੀ ਰਾਖੀ ਲਈ ਲਾਏ ਗਏ ਮੋਰਚੇ ਅਤੇ ਫਰਵਰੀ ਮਹੀਨੇ ਵਿੱਚ ਹਰਿਆਣਾ ਦੇ ਜਾਟ ਰਾਖਵਾਂਕਰਨ ਅੰਦੋਲਨ ਦਾ ਮੁਕਾਬਲਾ ਕਰੀਏ ਤਾਂ ਵੀਹਵੀਂ ਸਦੀ ਦੇ ਉਹ ਬਾਗੀ ਮਸੀਹੇ ਹੁਣ ਰਹਿ ਰਹਿ ਕੇ ਯਾਦ ਆਉਂਦੇ ਹਨ। ਮਸੀਹੇ ਲੋਕਾਂ ਖਾਤਰ ਸਿਰ ਤਲੀ ਉੱਤੇ ਰੱਖ ਕੇ ਵਿਚਰਦੇ ਹਨ।
ਅਠਾਰਾਂ ਸੌ ਸਤਵੰਜਾ ਦੇ ਗਦਰ ਦੀ 50ਵੀਂ ਵਰ੍ਹੇਗੰਢ ਤੋਂ ਬਾਅਦ ਕਾਸ਼ਤਕਾਰਾਂ ਨੇ ਗੋਰੀ ਹਕੂਮਤ ਖਿਲਾਫ ਝੰਡਾ ਚੁੱਕ ਲਿਆ ਸੀ। ‘ਝੰਗ ਸਿਆਲ’ ਅਖਬਾਰ ਦੇ ਬਾਂਕੇ ਸੰਪਾਦਕ, ਬਾਂਕੇ ਦਿਆਲ ਦੀ ਕਵਿਤਾ ‘ਪਗੜੀ ਸੰਭਾਲ ਜੱਟਾ’ ਨੇ ਪਿੰਡ ਪਿੰਡ ਮਸ਼ਾਲਾਂ ਬਾਲ ਦਿੱਤੀਆਂ ਸਨ। ਲਾਇਲਪੁਰ ਦੀ ਕਿਸਾਨ ਸਭਾ ਵਿੱਚ ਜਦੋਂ ਸਰਦਾਰ ਅਜੀਤ ਸਿੰਘ ਨੇ ਇਹ ਕਵਿਤਾ ਪੜ੍ਹੀ ਤਾਂ ਲਹਿਰ ਦਾ ਨਾਮ ਹੀ ‘ਪਗੜੀ ਸੰਭਾਲ ਜੱਟਾ’ ਪੈ ਗਿਆ। ਆਸਟਰੇਲੀਆ ਵਸਦੇ ਪੰਜਾਬੀ ਨਾਵਲਕਾਰ ਅਜੀਤ ਸਿੰਘ ਰਾਹੀ ਨੇ ‘ਬਾਗੀ ਮਸੀਹਾ’ ਵਿੱਚ ਇਸ ਲਹਿਰ ਬਾਰੇ ਵਿਸਥਾਰ ਦੇ ਨਾਲ ਚਾਨਣ ਪਾਇਆ ਹੈ। ਪਗੜੀ ਸੰਭਾਲ ਜੱਟਾ ਅੰਦੋਲਨ ਨੇ ਅੰਦੋਲਨਕਾਰੀਆਂ ਦੀਆਂ ਦਸਤਾਰਾਂ ਨੂੰ ਧੱਬਾ ਨਹੀਂ ਸੀ ਲੱਗਣ ਦਿੱਤਾ। ਇਸ ਲਹਿਰ ਨੂੰ ਭਾਰਤੀ ਫੌਜੀਆਂ ਅਤੇ ਸਿਪਾਹੀਆ ਨੇ ਵੀ ਸਾਂਝਾ ਹੁੰਗਾਰਾ ਦਿੱਤਾ ਸੀ, ਜਿਸ ਕਰ ਕੇ ਗੋਰੀ ਹਕੂਮਤ ਦੇ ਨੱਕ ‘ਚੋਂ ਧੂੰਆਂ ਨਿਕਲਣ ਲੱਗ ਪਿਆ। ਆਜ਼ਾਦ ਭਾਰਤ ਵਿੱਚ ਅੰਦੋਲਨਕਾਰੀ ਸੱਚਮੁੱਚ ਹੀ ਆਜ਼ਾਦ ਜਾਪਦੇ ਹਨ। ਜਾਨ ਮਾਲ ਦੀ ਰਾਖੀ ਕਰਨ ਵਾਲੇ ਗੋਲੇ ਅਤੇ ‘ਬੀਬੇ’ ਕਬੂਤਰ ਅੱਖਾਂ ਮੀਟ ਲੈਂਦੇ ਹਨ।
ਜਦੋਂ ਵਾੜ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਆਮ ਆਦਮੀ ਦਾ ਰੱਬ ਹੀ ਰਾਖਾ ਹੁੰਦਾ ਹੈ। ਬਾਂਹ ਮਰੋੜ ਕੇ ਜਾਂ ਹਿੰਸਾ ਉੱਤੇ ਉਤਰ ਕੇ ਆਪਣੀ ਗੱਲ ਮਨਾਉਣੀ ਸਭਿਅਕ ਵਰਤਾਰਾ ਨਹੀਂ। ਹਿੰਸਾ ਦਾ ਬੋਲਬਾਲਾ ਅੰਨ੍ਹੀ ਅਤੇ ਬੋਲੀ ਸਰਕਾਰ ਦੇ ਕੰਨ ਖੋਲ੍ਹਣ ਲਈ ਵਾਜਿਬ ਠਹਿਰਾਉਣ ਵਾਲੇ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਇਸ ਨਾਲ ਆਮ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ। ਮਹਾਤਮਾ ਗਾਂਧੀ ਨੇ ਅਹਿੰਸਾ ਦਾ ਰਾਹ ਨਾ ਅਪਣਾਇਆ ਹੁੰਦਾ ਤਾਂ ਅੱਜ ਉਸ ਦੀ ਫੋਟੋ ਭਾਰਤੀ ਕਰੰਸੀ ਉੱਤੇ ਨਾ ਹੁੰਦੀ। ਉੱਤਰ ਪ੍ਰਦੇਸ਼ ਤੇ ਆਸਾਮ ਦੇ ਪੁਲਸ ਮੁਖੀ ਰਹੇ ਪ੍ਰਕਾਸ਼ ਸਿੰਘ ਨੇ ਹਰਿਆਣਾ ਦੇ ਨੱਬੇ ਅਧਿਕਾਰੀਆਂ ਦੀ ਜਾਟ ਰਾਖਵਾਂਕਰਨ ਅੰਦੋਲਨ ਸਮੇਂ ਭੂਮਿਕਾ ਬਾਰੇ ਸਖਤ ਟਿੱਪਣੀਆਂ ਕਰ ਕੇ ਇਨ੍ਹਾਂ ਉੱਤੇ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਨੌਕਰਸ਼ਾਹ ਜਦੋਂ ਆਪਣੇ ਆਪ ਨੂੰ ਅਫਸਰਸ਼ਾਹੀ ਵਿੱਚ ਬਦਲ ਲਵੇ ਤਾਂ ਅੰਦੋਲਨ ਬੇਲਗਾਮ ਹੋ ਜਾਂਦੇ ਹਨ। ਪ੍ਰਕਾਸ਼ ਸਿੰਘ ਮੰਨਦੇ ਹਨ ਕਿ ਭਰਤੀ ਵੇਲੇ ਸਿਫਾਰਸ਼ਾਂ ਤੇ ਸਿਆਸੀ ਦਬਾਅ ਕਾਰਨ ਪੁਲਸ ਤੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਨਿਘਾਰ ਆਇਆ ਹੈ। ਉਨ੍ਹਾਂ ਅਧਿਕਾਰੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਡਰਦੇ ਮਾਰੇ ਆਪਣੇ ਘਰਾਂ ਦੇ ਬਾਹਰ ਲੱਗੀਆਂ ਨੇਮ ਪਲੇਟਾਂ ਵੀ ਗਾਇਬ ਕਰ ਦਿੱਤੀਆਂ ਸਨ।
ਵੀਹਵੀਂ ਸਦੀ ਦੇ ਕਿਸਾਨ ਅੰਦੋਲਨ ਵੇਲੇ ਮਚਿਆ ਗ਼ਦਰ ਤਾਂ ਆਜ਼ਾਦੀ ਸੰਗਰਾਮ ਲਈ ਬਾਲਣ ਦਾ ਕੰਮ ਕਰ ਰਿਹਾ ਸੀ, ਜਦੋਂ ਕਿ ਜਾਟ ਰਾਖਵਾਂਕਰਨ ਅੰਦੋਲਨ ਵੇਲੇ ਬੇਕਾਬੂ ਭੀੜ ਨੇ ਆਪਣਿਆਂ ਨੂੰ ਮਧੋਲਿਆ ਤੇ ਦਰੜਿਆ ਸੀ। ਕਰੋੜਾਂ ਰੁਪਿਆਂ ਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ, ਜਿਹੜਾ ਆਮ ਆਦਮੀ ਦੀ ਜੇਬ ਵਿੱਚੋਂ ਟੈਕਸ ਦੇ ਰੂਪ ਵਿੱਚ ਉਗਰਾਹਿਆ ਜਾਣਾ ਹੁੰਦਾ ਹੈ। ਉਹ ਲੋਕ ਆਜ਼ਾਦੀ ਦੇ ਨਹੀਂ, ਸਗੋਂ ਬਰਬਾਦੀ ਦੇ ਪ੍ਰਵਾਨੇ ਬਣ ਗਏ, ਜਿਨ੍ਹਾਂ ਨੇ ਮਸ਼ਾਲਾਂ ਨਹੀਂ, ਸਿਵਿਆਂ ਦੀ ਅੱਗ ਨੂੰ ਹਵਾ ਦੇਣ ਦਾ ਕੰਮ ਕੀਤਾ ਸੀ। ਪੱਗੜੀ ਸੰਭਾਲਣ ਨਹੀਂ, ਸਗੋਂ ਰੋਲਣ ਵਰਗੀ ਭੂਮਿਕਾ ਨਿਭਾਈ ਸੀ। ਪਗੜੀ ਨੂੰ ਦਾਗ ਲਾਉਣ ਦੀ ਕੋਸ਼ਿਸ਼ ਸਰ ਛੋਟੂ ਰਾਮ ਦੀ ਜਨਮ ਭੂਮੀ ‘ਤੇ ਹੋਈ, ਜੋ ਛੋਟੀ ਕਿਸਾਨੀ ਦਾ ਨਾਇਕ ਸਮਝਿਆ ਜਾਂਦਾ ਹੈ।
‘ਬਾਗੀ ਮਸੀਹਾ’ ਵਿੱਚ ਸਰਦਾਰ ਅਜੀਤ ਸਿੰਘ ਆਪਣੇ ਭਤੀਜੇ ਲਈ ਸੰਦਲੀ ਪੈੜਾਂ ਪਾਉਂਦਾ ਹੈ, ਜਿਸ ‘ਤੇ ਚੱਲ ਕੇ ਭਗਤ ਸਿੰਘ ਫਾਂਸੀ ਦੇ ਰੱਸੇ ਨੂੰ ਚੁੰਮਦਾ ਹੈ। ਅਠੱਤੀ ਸਾਲਾਂ ਦੀ ਜਲਾਵਤਨੀ ਤੋਂ ਬਾਅਦ ਡਲਹੋਜ਼ੀ ਵਿਖੇ 15 ਅਗਸਤ 1947 ਨੂੰ ਉਹ ਆਜ਼ਾਦ ਭਾਰਤ ਵਿੱਚ ਸਾਹ ਲੈ ਕੇ ਸਦਾ ਲਈ ਅੱਖਾਂ ਮੀਟ ਜਾਂਦਾ ਹੈ। ਸੂਰਜ ਡੁੱਬਦਾ ਨਹੀਂ, ਸਗੋਂ ਡੁੱਬੇ ਦੇਸ਼ ਨੂੰ ਤਾਰ ਕੇ ਛੁਪ ਜਾਂਦਾ ਹੈ। ਹਰਿਆਣਾ ਅਤੇ ਲਾਇਲਪੁਰ ਦੇ ਅੰਦੋਲਨ ਵਿੱਚ ਸਮਤਾ ਅਤੇ ਸਮਾਨਤਾ ਹੁੰਦੀ ਤਾਂ ਅੰਨ-ਦਾਤੇ ਨੂੰ ਫਖਰ ਮਹਿਸੂਸ ਹੋਣਾ ਸੀ। ਗੋਰੀ ਹਕੂਮਤ ਖਿਲਾਫ ਵਿੱਢੇ ਗਏ ਅੰਦੋਲਨ ਵੇਲੇ ਅੰਦੋਲਨਕਾਰੀ ਕਿਸਾਨਾਂ ਨੇ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਸੰਧੂ ਨੂੰ ਗੱਡੇ ‘ਤੇ ਬਿਠਾ ਕੇ ਬਲਦਾਂ ਦੀ ਬਜਾਏ ਆਪ ਜੁਪ ਕੇ ਚੱਕਰ ਲਵਾਇਆ ਸੀ। ਕੀ ਅਜੋਕੇ ਅੰਦੋਲਨਕਾਰੀਆਂ ਨੂੰ ਅਜਿਹਾ ਮਾਣ-ਸਨਮਾਨ ਮਿਲ ਸਕਦਾ ਹੈ?

 -ਵਰਿੰਦਰ ਵਾਲੀਆ

 

 

T & T Honda