You are here: Home / ਸਮਾਜਿਕ / ਸਭਿਆਚਾਰਕ / ਕਿਉਂ ਨਾ ਅਸੀਂ ਇੱਕ-ਦੂਜੇ ਨੂੰ ਪਹਿਲੇ ਨਾਂ ਨਾਲ ਬੁਲਾਇਆ ਕਰੀਏ

ਕਿਉਂ ਨਾ ਅਸੀਂ ਇੱਕ-ਦੂਜੇ ਨੂੰ ਪਹਿਲੇ ਨਾਂ ਨਾਲ ਬੁਲਾਇਆ ਕਰੀਏ

ਜਿਵੇਂ ਜਿਵੇਂ ਮੇਰੀ ਉਮਰ ਵਧ ਰਹੀ ਹੈ, ਮੈਂ ਅਕਸਰ ਇਹ ਕਾਮਨਾ ਕਰਦਾ ਹਾਂ ਕਿ ਇੱਕ-ਦੂਜੇ ਦਾ ਸਵਾਗਤ ਕਰਨ ਦੇ ਮਾਮਲੇ ਵਿੱਚ ਨੇੜਤਾ ਦਾ ਵੱਧ ਤੇ ਮਾਣ ਸਨਮਾਨ ਦੀ ਮਰਿਆਦਾ ਦਾ ਘੱਟ ਦਿਖਾਵਾ ਕਰਾਂ। ਜਿਹੜੇ ਸਨਮਾਨ ਜਨਕ ਸ਼ਬਦ ਅਸੀਂ ਇਸਤੇਮਾਲ ਕਰਦੇ ਹਾਂ, ਉਹ ਕਦੇ ਕਦੇ ਸਾਨੂੰ ਚੁੱਭ ਵੀ ਸਕਦੇ ਹਨ ਅਤੇ ਸਾਨੂੰ ਅੰਦਰ ਤੱਕ ਦੁਖੀ ਕਰ ਸਕਦੇ ਹਨ। ਉਂਝ ਜੋ ਲੋਕ ਇਹ ਸ਼ਬਦ ਇਸਤੇਮਾਲ ਕਰਦੇ ਹਨ, ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਹੁੰਦਾ, ਪਰ ਜਿਸ ਨੂੰ ਸੰਬੋਧਨ ਕੀਤਾ ਜਾਂਦਾ ਹੈ, ਉਸ ਨੂੰ ਜ਼ਰੂਰ ਕੁਝ ਵੱਖਰੇ ਢੰਗ ਦਾ ਦੁਖਦਾਈ ਅਹਿਸਾਸ ਹੁੰਦਾ ਹੈ।
ਉਂਜ ਜੋ ਕੁਝ ਮੈਂ ਉਪਰ ਕਿਹਾ ਹੈ, ਇਹ ਮੇਰੀ ਆਪਣੀ ਕਹਾਣੀ ਹੈ ਤੇ ਇਸ ਦੀ ਸ਼ੁਰੂਆਤ ‘ਸਰ’ ਸ਼ਬਦ ਦੀ ਅੰਨ੍ਹੇਵਾਹ ਵਰਤੋ ਨਾਲ ਹੋਈ। ਅਮਰੀਕਨਾਂ ਵਾਂਗ ਅਸੀਂ ਵੀ ਇਸ ਸ਼ਬਦ ਨੂੰ ਲਗਭਗ ਹਰ ਉਸ ਮਰਦ ਲਈ ਵਰਤ ਲੈਂਦੇ ਹਾਂ, ਜਿਹੜਾ ਉਮਰ ਵਿੱਚ ਸਾਡੇ ਤੋਂ ਵੱਡਾ ਹੋਵੇ ਤੇ ਜਿਸ ਨੂੰ ਅਸੀਂ ਨਾ ਜਾਣਦੇ ਹੋਈਏ। ਮੈਨੂੰ ‘ਸਰ’ ਕਹਿ ਕੇ ਬੁਲਾਏ ਜਾਣ ਤੋਂ ਕੋਈ ਖਾਸ ਚਿੜ੍ਹ ਨਹੀਂ, ਫਿਰ ਵੀ ਮੈਂ ‘ਕਰਣ’ ਜਾਂ ‘ਮਿਸਟਰ ਥਾਪਰ’ ਕਹਿ ਕੇ ਬੁਲਾਇਆ ਜਾਣਾ ਜ਼ਿਆਦਾ ਪਸੰਦ ਕਰਾਂਗਾ।
‘ਸਰ’ ਸ਼ਬਦ ਵਿਅਕਤੀ ਨੂੰ ਇੱਕ ਤਰ੍ਹਾਂ ਨਾਲ ਉੱਚੇ ਅਹੁਦੇ ਉੱਤੇ ਬਿਠਾ ਦਿੰਦਾ ਹੈ, ਪਰ ਉਸ ਨੂੰ ਸਾਡੇ ਤੋਂ ਦੂਰ ਵੀ ਕਰ ਦਿੰਦਾ ਹੈ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਇਹ ਸ਼ਬਦ ਸਨਮਾਨ ਜਨਕ ਹੈ, ਪਰ ਇੱਕ ਨਿਸ਼ਚਿਤ ਦੂਰੀ ਬਣਾਈ ਰੱਖਣ ਦਾ ਸੂਚਕ ਵੀ ਹੈ। ਇਹ ਦੂਰੀ ਗੂੜ੍ਹੀ ਮਿੱਤਰਤਾ ਵਿਕਸਿਤ ਹੋਣ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੀ ਹੈ। ਫਿਰ ਵੀ ਅਸਲੀ ਪੰਗਾ ਉਦੋਂ ਖੜਾ ਹੁੰਦਾ ਹੈ, ਜਦੋਂ ਲੋਕ ਤੁਹਾਨੂੰ ‘ਅੰਕਲ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦੇਣ।
ਇਸ ਸ਼ਬਦ ਪਿੱਛੇ ਲੁਕੇ ਰਿਸ਼ਤੇ ‘ਤੇ ਮੈਨੂੰ ਜ਼ਰਾ ਵੀ ਇਤਰਾਜ਼ ਨਹੀਂ। ਫਿਰ ਵੀ ਇਹ ਸ਼ਬਦ ਤੁਹਾਡੀ ਉਮਰ ਦੇ ਇੱਕ ਪੜਾਅ ਨੂੰ ਪਾਰ ਕਰ ਜਾਣ ਦਾ ਸੂਚਕ ਹੈ। ਇਹੋ ਵਜ੍ਹਾ ਹੈ ਕਿ ਜਦੋਂ ਤੁਸੀਂ ਸੋਚ ਰਹੇ ਹੁੰਦੇ ਹੋ ਕਿ 30 ਸਾਲ ਦੀ ਉਮਰ ਦਾ ਕੋਈ ਜਾਣ-ਪਛਾਣ ਵਾਲਾ ਵਿਅਕਤੀ ਤੁਹਾਡਾ ਗੂੜ੍ਹਾ ਮਿੱਤਰ ਬਣ ਸਕਦਾ ਹੈ ਤੇ ਉਹ ਅਚਾਨਕ ਤੁਹਾਨੂੰ ਅੰਕਲ ਕਹਿ ਕੇ ਬੁਲਾਉਂਦਾ ਹੈ ਤਾਂ ਤੁਹਾਡੀ ਅਤੇ ਉਸ ਦੀ ਉਮਰ ਦਾ ਇੱਕ ਫਰਕ ਮੌਜੂਦ ਹੈ, ਜੋ ਤੁਹਾਨੂੰ ਦੋਵਾਂ ਨੂੰ ਮਜ਼ਬੂਤੀ ਨਾਲ ਇੱਕ ਦੂਜੇ ਤੋਂ ਅੱਡ ਕਰਦਾ ਹੈ। ਜਦੋਂ ਅੰਕਲ ਕਹਿ ਕੇ ਬੁਲਾਉਣ ਵਾਲਾ ਕੋਈ ਆਦਮੀ ਨਾ ਹੋ ਕੇ ਔਰਤ ਹੋਵੇ ਤਾਂ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ।
ਮੈਨੂੰ ਅਜਿਹੇ ਕਈ ਮੌਕੇ ਯਾਦ ਹਨ, ਜਦੋਂ ਮੈਂ ਬਹੁਤ ਖੁਸ਼ੀ-ਖੁਸ਼ੀ ਸ਼ਾਪਿੰਗ ਕਰ ਰਿਹਾ ਸੀ ਅਤੇ ਢੇਰ ਸਾਰੀਆਂ ਦਿਲ-ਖਿਚਵੀਆਂ ਚੀਜ਼ਾਂ ‘ਚੋਂ ਕਿਸੇ ਇੱਕ ਨੂੰ ਪਸੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਸੀ ਤਾਂ ਅਚਾਨਕ ਦੁਕਾਨਦਾਰ ਦੇ ਸ਼ਬਦ ਕੰਨਾਂ ਵਿੱਚ ਪੈਂਦੇ ਹਨ, ‘ਕੁਝ ਠੰਢਾ ਪੀਓਗੇ ਅੰਕਲ ਜੀ?’ ਅਜਿਹਾ ਕਹਿਣ ਪਿੱਛੇ ਦੁਕਾਨਦਾਰ ਦੀ ਕੋਈ ਦੁਰਭਾਵਨਾ ਨਹੀਂ ਹੁੰਦੀ ਸੀ, ਸਗੋਂ ਉਹ ਤਾਂ ਮੈਨੂੰ ਵਿਚਾਰਾਂ ਵਿੱਚ ਗੁਆਚਾ ਦੇਖ ਕੇ ਇੱਕ ਤਰ੍ਹਾਂ ਨਾਲ ਉਤਸ਼ਾਹਤ ਕਰਨ ਲਈ ਅਜਿਹਾ ਕਹਿੰਦਾ ਸੀ। ਜੇ ਤੁਸੀਂ ਖੁਦ ਨੂੰ ਅਜੇ ਵੀ ਜਵਾਨ ਸਮਝਦੇ ਹੋ ਤਾਂ ਅੰਕਲ ਸ਼ਬਦ ਸੁਣਦਿਆਂ ਅਜਿਹਾ ਲੱਗੇਗਾ ਕਿ ਤੁਸੀਂ ਉੱਚੀ ਜਗ੍ਹਾ ਤੋਂ ਧੜੱਮ ਕਰ ਕੇ ਧਰਤੀ ‘ਤੇ ਡਿੱਗ ਪਏ ਹੋ।
ਮੇਰੀ ਵੱਡੀ ਭੈਣ ਪ੍ਰੋਮਿਲਾ ‘ਆਂਟੀ ਜੀ’ ਕਹਿ ਕੇ ਬੁਲਾਏ ਜਾਣ ਦੀ ਆਦੀ ਹੋ ਚੁੱਕੀ ਹੈ। ਇੱਕ ਵਾਰ ਜਦੋਂ ਤੁਸੀਂ ਚਾਲੀ ਜਾਂ ਪੰਜਾਹ ਸਾਲ ਦੀ ਉਮਰ ਪਾਰ ਕਰ ਜਾਂਦੇ ਹੋ ਤਾਂ ਅੰਕਲ ਜਾਂ ਆਂਟੀ ਕਹਿ ਕੇ ਬੁਲਾਇਆ ਜਾਣਾ ਸਿਰਫ ਅਟੱਲ ਹੀ ਨਹੀਂ ਹੋ ਜਾਂਦਾ, ਸਗੋਂ ਇਸ ਸ਼ਬਦ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਫਿਰ ਵੀ ਤੁਸੀਂ ਮੇਰੀ ਭੈਣ ਦੀ ਪੀੜਾ ਦੀ ਕਲਪਨਾ ਕਰ ਸਕਦੇ ਹੋ, ਜਦੋਂ ਇੱਕ ਸ਼ਬਜ਼ੀ ਵਾਲੇ ਨੇ ਉਨ੍ਹਾਂ ਨੂੰ ‘ਮਾਤਾ ਜੀ’ ਕਹਿ ਦਿੱਤਾ।
ਮੇਰੀ ਭੈਣ ਬਹੁਤ ਜ਼ੋਰਦਾਰ ਢੰਗ ਨਾਲ ਸਬਜ਼ੀ ਦੇ ਭਾਅ ‘ਤੇ ਬਹਿਸ ਕਰ ਰਹੀ ਸੀ ਤੇ ਦੁਕਾਨਦਾਰ ਨੇ ਆਖਰੀ ਦਾਅ ਵਰਤਿਆ ਅਤੇ ਕਿਹਾ, ‘ਮਾਤਾ ਜੀ, ਤੁਸੀਂ ਜਿੰਨੇ ਪੈਸੇ ਦੇਣਾ ਚਾਹੁੰਦੇ ਹੋ, ਮੈਨੂੰ ਮਨਜ਼ੂਰ ਹਨ।’ ਮੇਰੀ ਭੈਣ ਨੇ ਇਹ ਸ਼ਬਦ ਸੁਣਨ ਦੀ ਕਦੇ ਸੁਪਨੇ ਵਿੱਚ ਵੀ ਕਲਪਨਾ ਨਹੀਂ ਕੀਤੀ ਸੀ। ਸਭ ਤੋਂ ਬੁਰੀ ਗੱਲ ਇਹ ਸੀ ਕਿ ਸਬਜ਼ੀ ਵਾਲਾ ਵੀ ਲਗਭਗ ਮੇਰੀ ਭੈਣ ਦੀ ਉਮਰ ਦਾ ਸੀ। ਫਿਰ ਕੀ ਸੀ, ‘ਮਾਤਾ ਜੀ’ ਨੇ ਸਬਜ਼ੀ ਵਾਲਾ ਲਿਫਾਫਾ ਚੁੱਕਿਆ ਤੇ ਫੂੰ-ਫੂੰ ਕਰਦੀ ਘਰ ਨੂੰ ਚੱਲ ਪਈ।
ਤੁਹਾਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਿੱਸਾ ਯਾਦ ਹੋਵੇਗਾ, ਜਦੋਂ ਬ੍ਰਿਟੇਨ ਦੇ ਸਾਬਕਾ ਵਿਦੇਸ਼ ਸਕੱਤਰ ਡੇਵਿਡ ਮਿਲੀਬੈਂਡ ਨੇ ਉਨ੍ਹਾਂ ਨੂੰ ‘ਪ੍ਰਣਬ’ ਕਹਿ ਕੇ ਸੰਬੋਧਨ ਕੀਤਾ ਸੀ। ਮਿਲੀਬੈਂਡ ਯਕੀਨੀ ਤੌਰ ‘ਤੇ ਪ੍ਰਣਬ ਮੁਖਰਜੀ ਨਾਲੋਂ ਅੱਧੀ ਉਮਰ ਦੇ ਹੋਣਗੇ ਤੇ ਇੰਨੀ ਉਮਰ ਦੇ ਆਦਮੀ ਤੋਂ ਆਪਣਾ ਨਾਂਅ ਸੁਣ ਕੇ ਪ੍ਰਣਬ ਮੁਖਰਜੀ ਨੂੰ ਕਾਫੀ ਬੁਰਾ ਲੱਗਾ ਸੀ। ਮਿਲੀਬੈਂਡ ਨੇ ਗੈਰ-ਰਸਮੀ ਅਤੇ ਦੋਸਤਾਨਾ ਮਾਹੌਲ ਪੈਦਾ ਕਰਨ ਦੇ ਨਜ਼ਰੀਏ ਤੋਂ ਅਜਿਹਾ ਕਿਹਾ ਸੀ, ਪਰ ਮੁਖਰਜੀ ਨੇ ਇਸ ਦੀ ਵਿਆਖਿਆ ਅਸ਼ੋਭਨੀਕ ਜਾਣ-ਪਛਾਣ ਵਜੋਂ ਕੀਤੀ। ਬੇਸ਼ੱਕ ਉਨ੍ਹਾਂ ਨੇ ਸ਼ਬਦਾਂ ਵਿੱਚ ਕੁਝ ਨਹੀਂ ਕਿਹਾ ਸੀ, ਪਰ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਨੇ ਸਭ ਕੁਝ ਸਪੱਸ਼ਟ ਕਰ ਦਿੱਤਾ।
ਸੱਚੀ ਗੱਲ ਇਹ ਹੈ ਕਿ ਇਹ ਸਭ ਕੁਝ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਖੁਦ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੇ ਵਧਦੀ ਉਮਰ ਪ੍ਰਤੀ ਤੁਹਾਡਾ ਕੀ ਨਜ਼ਰੀਆ ਹੈ। 50-60 ਸਾਲ ਦੀ ਉਮਰ ਤੋਂ ਬਾਅਦ ਬੁਢਾਪੇ ਦਾ ਡਰ ਲਗਭਗ ਖਤਮ ਹੋ ਜਾਂਦਾ ਹੈ ਤੇ ਫਿਰ ਵਧਦੀ ਉਮਰ ਕੋਈ ਸਮੱਸਿਆ ਨਹੀਂ ਰਹਿ ਜਾਂਦੀ। ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਤੁਹਾਡੀ ਪ੍ਰਤੀ ਸਨਮਾਨ ਪ੍ਰਗਟਾਉਣ ਦੀ ਭਾਵਨਾ ਨਾਲ ਭਰਪੂਰ ਲੋਕ ਤੁਹਾਡੀ ਉਮਰ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਉਂਜ 50 ਜਾਂ 60 ਸਾਲ ਦੀ ਉਮਰ ਟੱਪ ਚੁੱਕੇ ਲੋਕ ਵੀ ਖੁਦ ਨੂੰ ਜਵਾਨ ਸਮਝਣ ਦੇ ਹੱਕਦਾਰ ਹਨ। ਜਿੰਨੀ ਉਮਰ ਦੇ ਉਹ ਦਿਖਾਈ ਦਿੰਦੇ ਹਨ, ਸ਼ਾਇਦ ਉਸ ਨਾਲ ਉਹ ਉਸ ਤੋਂ ਵੱਡੀ ਉਮਰ ਦੇ ਸਮਝੇ ਜਾਣਾ ਪਸੰਦ ਨਹੀਂ ਕਰਦੇ। ‘ਅੰਕਲ ਜੀ’, ‘ਮਾਤਾ ਜੀ’ ਅਤੇ ਫਿਰ ‘ਦਾਦਾ ਜੀ’ ਕੁਝ ਅਜਿਹੇ ਸ਼ਬਦ ਹਨ, ਜੋ ਵਧਦੀ ਉਮਰ ਦੇ ਵੱਖ-ਵੱਖ ਪੜਾਵਾਂ ‘ਤੇ ਤੁਹਾਡੇ ਭਰਮ ਨੂੰ ਚੂਰ-ਚੂਰ ਕਰਦੇ ਹਨ। ਮੈਂ ਇੱਕ ਸੁਝਾਅ ਦੇਣਾ ਚਾਹਾਂਗਾ, ਜੋ ਬਿਨਾਂ ਉਮਰ ਅਤੇ ਲਿੰਗ ਭੇਦ ਦੇ ਹਰ ਕਿਸੇ ‘ਤੇ ਲਾਗੂ ਹੁੰਦਾ ਹੈ। ਕਿਉਂ ਨਾ ਅਸੀਂ ਇੱਕ ਦੂਜੇ ਨੂੰ ਉਸ ਦੇ ਪਹਿਲੇ ਨਾਂਅ ਨਾਲ ਬੁਲਾਈਏ। ਜੇ ਤੁਸੀਂ ਕਿਸੇ ਅਣਜਾਣ ਨਾਲ ਰਸਮੀ ਤੌਰ ‘ਤੇ ਜਾਂ ਵੱਡਿਆਂ ਨਾਲ ਸਨਮਾਨ ਜਨਕ ਢੰਗ ਨਾਲ ਪੇਸ਼ ਆਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ‘ਮਿਸਟਰ…‘, ‘ਜਨਾਬ’, ‘ਸ੍ਰੀਮਾਨ ਜੀ’, ‘ਮੋਹਤਰਮਾ’ ਆਦਿ ਕਹਿ ਕੇ ਬੁਲਾ ਸਕਦੇ ਹੋ।

 – ਕਰਣ ਥਾਪਰ

T & T Honda