Saturday , 19 August 2017
You are here: Home / ਸਮਾਜਿਕ / ਸਭਿਆਚਾਰਕ / ਹੁਨਰ ਅਤੇ ਕਲਾ ਦਾ ਮੁੱਲ
ਹੁਨਰ ਅਤੇ ਕਲਾ ਦਾ ਮੁੱਲ

ਹੁਨਰ ਅਤੇ ਕਲਾ ਦਾ ਮੁੱਲ

ਕਿਸੇ ਇਨਸਾਨ ਵਿੱਚ ਖਾਸ ਹੁਨਰ ਜਾਂ ਕਲਾ ਦਾ ਹੋਣਾ ਉਸ ਦੀ ਆਪਣੀ ਲਗਨ ਅਤੇ ਪ੍ਰਮਾਤਮਾ ਦੀ ਦੇਣ ਹੁੰਦਾ ਹੈ। ਇਹ ਵੀ ਇੱਕ ਕਿਸਮ ਦੀ ਕਮਾਈ ਹੁੰਦੀ ਹੈ, ਜੋ ਕਿਸੇ ਦੀ ਜ਼ਿੰਦਗੀ ਤੋਂ ਬਾਅਦ ਵੀ ਯਾਦ ਰਹਿੰਦੀ ਹੈ। ਹੁਨਰ ਜਾਂ ਕਲਾ ਸ਼ੌਕੀਆ ਵੀ ਹੋ ਸਕਦੀ ਹੈ, ਪਰ ਜੇ ਇਹ ਕਿੱਤਾ ਬਣ ਜਾਵੇ ਤਾਂ ਸੋਨੇ ਉਤੇ ਸੁਹਾਗਾ ਹੋ ਜਾਂਦਾ ਹੈ। ਹਰ ਇਨਸਾਨ ਦੇ ਹੁਨਰ ਜਾਂ ਕਲਾ ਦਾ ਮੁੱਲ ਕਦੇ ਨਾ ਕਦੇ ਜ਼ਰੂਰ ਪੈਂਦਾ ਹੈ।
ਮੇਰੇ ਪਿਤਾ ਜੀ ਵੈਟਰਨਰੀ ਫਾਰਮਾਸਿਸਟ ਸਨ। ਇਸ ਅਸਾਮੀ ‘ਤੇ ਕੰਮ ਕਰਦੇ ਬੰਦੇ ਨੂੰ ਲੋਕ ‘ਡੰਗਰ ਡਾਕਟਰ’ ਦਾ ਤਖੱਲਸ ਦਿੰਦੇ ਹਨ। ਉਹ 41 ਸਾਲ ਸਰਕਾਰੀ ਨੌਕਰੀ ਕਰ ਕੇ 1990 ਵਿੱਚ ਰਿਟਾਇਰ ਹੋਏ। ਉਹ ਆਪਣੇ ਸਮੇਂ ਇਲਾਕੇ ਵਿੱਚ ਮੰਨੇ-ਪ੍ਰਮੰਨੇ ‘ਵੈਟਰਨਰੀ ਡਾਕਟਰ’ ਸਨ, ਜਿਨ੍ਹਾਂ ਸਿਰ ਦੂਰ-ਦੂਰ ਤੱਕ ਡੰਗਰਾਂ ਦੇ ਫਸੇ ਹੋਏ ਕੇਸ ਹੱਲ ਕਰ ਦਾ ਸਿਹਰਾ ਅਕਸਰ ਬੱਝਦਾ ਸੀ।
ਸੰਨ 2000 ਵਿੱਚ ਉਨ੍ਹਾਂ ਦੇ ਸਵਰਗ ਸਿਧਾਰ ਜਾਣ ਮਗਰੋਂ ਅੱਜ ਤੱਕ ਲੋਕ ਉਨ੍ਹਾਂ ਦੀ ਆਪਣੀ ਖੋਜ-ਘੋਲ ਕੇ ਪਿਲਾਉਣ ਵਾਲੀ ਚਿੱਟੀ ਦਵਾਈ, ਕਾਲਾ ਟੀਕਾ ਅਤੇ ਡੰਗਰ ਦੀ ਕਮਰੋੜ ਉੱਤੇ ਮਲਣ ਵਾਲੀ ਲਾਲ ਦਵਾਈ ਨੂੰ ਲੱਭਦੇ ਫਿਰਦੇ ਹਨ। ਪਿਤਾ ਜੀ ਦੀ ਜ਼ਿੰਦਗੀ ਦੌਰਾਨ ਸਾਡੇ ਸਾਰੇ ਪਰਵਾਰ ਨੂੰ ਉਨ੍ਹਾਂ ਨਾਲ ਇੱਕ ਸ਼ਿਕਵਾ ਰਿਹਾ ਕਿ ਉਹ ਲੋਕਾਂ ਤੋਂ ਦਵਾਈ ਦੇ ਪੂਰੇ ਪੈਸੇ ਨਹੀਂ ਲੈਂਦੇ। ਮੇਰੀ ਅਕਸਰ ਉਨ੍ਹਾਂ ਨਾਲ ਬਹਿਸ ਹੋਣੀ ਕਿ ਤੁਸੀਂ ਤਾਂ ਕਾਰ-ਸੇਵਾ ਕਰਦੇ ਹੋ, ਦਵਾਈ ਦੇ ਪੈਸੇ ਤਾਂ ਪੂਰੇ ਲੈ ਲਿਆ ਕਰੋ, ਫੀਸ ਦੀ ਗੱਲ ਛੱਡੋ। ਮਤਲਬ ਇਹ ਕਿ ਉਨ੍ਹਾਂ ਪੈਸਾ ਮੁੱਖ ਰੱਖ ਕੇ ਕੰਮ ਨਹੀਂ ਸੀ ਕੀਤਾ। ਪੰਜਾਬ ਦੇ ਕਾਲੇ ਦੌਰ ਦੇ ਦਿਨਾਂ ਵਿੱਚ ਵੀ ਰਾਤ ਨੂੰ ਹਰ ਕਿਸੇ ਨਾਲ ਬਿਮਾਰ ਡੰਗਰ ਦੇਖਣ ਤੁਰ ਪੈਂਦੇ ਸਨ।
ਪਿਤਾ ਜੀ ਦੀ ਇਸ ਕਮਾਈ ਤੇ ਹੁਨਰ ਦਾ ਪਹਿਲਾ ਅਹਿਸਾਸ ਮੈਨੂੰ ਅੱਜ ਤੋਂ ਦੋ ਕੁ ਸਾਲ ਪਹਿਲਾਂ ਇੱਕ ਵਿਆਹ ਸਮਾਗਮ ਵਿੱਚ ਹੋਇਆ, ਜਦੋਂ ਸਾਡੇ ਇਲਾਕੇ ਦੇ ਚੰਗੇ ਪਰਵਾਰ ਦੇ ਲੜਕੇ ਨੇ ਪੰਜਾਹ ਬੰਦਿਆਂ ਵਿੱਚ ਕਿਹਾ, ‘ਡਾਕਟਰ ਤਾਂ ਵੀਰ ਦੇ ਪਿਤਾ ਜੀ ਸਨ, ਜੋ ਡੰਗਰ ਨੰ ਹੱਥ ਲਾ ਕੇ ਦੱਸ ਦਿੰਦੇ ਸਨ ਕਿ ਕੀ ਬਿਮਾਰੀ ਐ ਤੇ ਟੀਕਾ ਲਾ ਕੇ ਦੱਸ ਦੇਣਾ ਕਿ ਦੋ ਘੰਟੇ ਬਾਅਦ ਪੱਠੇ ਖਾਣ ਲੱਗ ਜਾਊ। ਹੁੰਦਾ ਵੀ ਇਵੇਂ ਈ ਸੀ।’
ਦੂਜੀ ਘਟਨਾ ਇੰਜ ਹੋਈ ਕਿ ਮੈਂ ਸਾਲ ਕੁ ਪਹਿਲਾਂ ਆਪਣੇ ਸ਼ਹਿਰ ਦੀ ਇੱਕ ਦਵਾਈਆਂ ਦੀ ਦੁਕਾਨ ‘ਤੇ ਗਿਆ। ਮੈਂ ਦੁਕਾਨ ਅੰਦਰ ਵੜਨ ਲੱਗਾ ਤਾਂ ਅੰਦਰ ਖੜਾ ਇੱਕ ਚਾਦਰੇ ਵਾਲਾ ਬਜ਼ੁਰਗ ਹਜ਼ਾਰ-ਬਾਰਾਂ ਸੌ ਦੀਆਂ ਦਵਾਈਆਂ ਲੈ ਕੇ ਝੋਲੇ ਵਿੱਚ ਪਾਉਂਦਾ ਹੋਇਆ ਕਹਿ ਰਿਹਾ ਸੀ, ‘ਡਾਕਟਰ ਤਾਂ ਹੁੰਦਾ ਸੀ ਕੋਟਲੇ ਆਲਾ, ਵੀਹ-ਤੀਹ ਰੁਪਏ ਵਿੱਚ ਸਾਰੇ ਡੰਗਰ ਰਾਜ਼ੀ ਕਰ ਦਿੰਦਾ ਸੀ। ਬਈ ਬੜਾ ਰੂਹ ਆਲਾ ਬੰਦਾ ਸੀ।’
ਜਦੋਂ ਮੈਨੂੰ ਵੇਖ ਕੇ ਦੁਕਾਨ ਵਾਲੇ ਮਿੱਤਰ ਨੇ ਉਸ ਬਜ਼ੁਰਗ ਨੂੰ ਦੱਸਿਆ ਕਿ ਇਹ ਭਾਈ ਸਾਹਿਬ ਉਨ੍ਹਾਂ ਦੇ ਲੜਕੇ ਹਨ ਤਾਂ ਸੱਚ ਜਾਣਿਓ, ਮੇਰਾ ਸੀਨਾ ਦੁਕਾਨ ‘ਤੇ ਖੜ੍ਹੇ 9-10 ਗਾਹਕਾਂ ਵਿੱਚ ਗਜ਼ ਚੌੜਾ ਹੋ ਗਿਆ। ਮੈਨੂੰ ਇੰਨਾ ਮਾਣ ਤੇ ਖੁਸ਼ੀ ਵਿਦਿਅਕ ਡਿਗਰੀਆਂ ਤੇ ਵੱਖ-ਵੱਖ ਅਹੁਦੇ ਮਿਲਣ ਵੇਲੇ ਨਹੀਂ ਹੋਈ ਹੋਣੀ, ਜਿੰਨੀ ਇਨ੍ਹਾਂ ਦੋਵਾਂ ਘਟਨਾਵਾਂ ਵੇਲੇ ਮਿਲੀ। ਉਸ ਦਿਨ ਮੈਨੂੰ ਪਿਤਾ ਜੀ ਦੇ ਹੁਨਰ ਦਾ ਅਸਲ ਮੁੱਲ ਵੇਖਣ ਨੂੰ ਮਿਲਿਆ ਤੇ ਉਨ੍ਹਾਂ ਦੀ ਸਮਾਜਕ ਕਮਾਈ ਅੱਗੇ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ, ਜਿਸ ਨੂੰ ਲੋਕ ਉਨ੍ਹਾਂ ਦੇ ਤੁਰ ਜਾਣ ਤੋਂ ਪੰਦਰਾਂ ਸਾਲ ਪਿੱਛੋਂ ਵੀ ਯਾਦ ਕਰਦੇ ਹਨ।
ਹੁਣ ਗੱਲ ਕਰੀਏ ਕਲਾ ਦੇ ਮੁੱਲ ਦੀ। ਮੇਰੇ ਭੂਆ ਜੀ ਨੂੰ ਹੱਥ ਦੀ ਕਢਾਈ ਕਰਨ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੀ ਕਢਾਈ ਵਿੱਚ ਕਮਾਲ ਦੀ ਸਫਾਈ ਹੁੰਦੀ ਸੀ। ਅੱਜ ਵੀ ਉਨ੍ਹਾਂ ਨੇ ਰੀਝ ਨਾਲ ਹੱਥੀਂ ਕਢਾਈ ਕੀਤੇ ਸਿਰਹਾਣੇ, ਚਾਦਰਾਂ, ਝੋਲੇ ਤੇ ਮੇਜ਼ਪੋਸ਼ ਆਪਣੀਆਂ ਅਮਰੀਕਾ ਵਸਦੀਆਂ ਨੂੰਹਾਂ ਨੂੰ ਦੇਣ ਲਈ ਸੰਭਾਲੇ ਹੋਏ ਹਨ। ਉਨ੍ਹਾਂ ਨੇ ਇੱਕ ਸਿਰਹਾਣਾ ਹੱਥੀਂ ਕਢਾਈ ਕਰ ਕੇ ਮੇਰੇ ਪਿਤਾ ਜੀ ਨੂੰ ਪਿਆਰ ਵਜੋਂ ਦਿੱਤਾ ਸੀ। ਜਦੋਂ ਇਹ ਸਿਰਹਾਣਾ ਘਸ ਕੇ ਪੁਰਾਣਾ ਹੋ ਗਿਆ ਤਾਂ ਪਿਤਾ ਜੀ ਦਾ ਇਸ ਨੂੰ ਸੁੱਟਣ ਦਾ ਦਿਲ ਨਹੀਂ ਕੀਤਾ। ਉਨ੍ਹਾਂ ਕਢਾਈ ਕੀਤੇ ਫੁੱਲ ਵਾਲਾ ਹਿੱਸਾ ਉਤੇ ਕਰ ਕੇ ਆਪਣੇ ਸਾਈਕਲ ਦਾ ਕਵਰ ਬਣਾ ਲਿਆ। ਉਨ੍ਹਾਂ ਦਿਨਾਂ ਵਿੱਚ ਡਾਕਟਰਾਂ ਨੂੰ ਪਿੰਡ-ਪਿੰਡ ਡੰਗਰ ਵੇਖਣ ਲਈ ਘੁੰਮਣਾ ਪੈਂਦਾ ਸੀ।
ਇੱਕ ਦਿਨ 15-16 ਕੁ ਸਾਲ ਦਾ ਮੁੰਡਾ ਹਸਪਤਾਲ ਵਿੱਚ ਆਇਆ ਤੇ ਪਿਤਾ ਜੀ ਨੂੰ ਸੰਗਦਾ-ਸੰਗਦਾ ਕਹਿਣ ਲੱਗਾ, ‘ਤੁਸੀਂ ਨਾਲ ਦੇ ਪਿੰਡ ਸਾਡੇ ਘਰ ਪਰਸੋਂ ਮੱਝ ਨੂੰ ਦਵਾਈ ਦੇਣ ਗਏ ਸੀ ਤਾਂ ਮੇਰੀ ਚਾਚੀ ਅਤੇ ਭੂਆ ਨੂੰ ਤੁਹਾਡੇ ਸਾਈਕਲ ਦੀ ਸੀਟ ਦੇ ਕਵਰ ਦਾ ਫੁੱਲ ਬਹੁਤ ਵਧੀਆ ਲੱਗਿਆ। ਉਨ੍ਹਾਂ ਨੇ ਇਹ ਕਵਰ ਮੰਗਵਾਇਆ ਹੈ, ਕਢਾਈ ਦਾ ਡਿਜ਼ਾਈਨ ਲਾਹੁਣ ਲਈ। ਮੈਂ ਇਹ ਕਵਰ ਕੱਲ੍ਹ ਨੂੰ ਮੋੜ ਜਾਊਂ।’ ਪਿਤਾ ਜੀ ਨੇ ਕਵਰ ਲਾਹ ਕੇ ਉਸ ਨੂੰ ਦੇ ਦਿੱਤਾ।
ਜਦੋਂ ਪਿਛਲੇ ਦਿਨੀਂ ਮੇਰੇ ਭੂਆ ਜੀ ਨੇ ਮੈਨੂੰ ਚਾਲੀ ਸਾਲ ਪੁਰਾਣੀ ਇਸ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਝੁਰੜੀਆਂ ਬਰੇ ਚਿਹਰੇ ਦੀ ਖੁਸ਼ੀ ਤੇ ਅੱਖਾਂ ਦੀ ਚਮਕ ਤੋਂ ਉਨ੍ਹਾਂ ਦੀ ਕਲਾ ਦੇ ਪਏ ਮੁੱਲ ਦਾ ਮਾਣ ਤੇ ਤਸੱਲੀ ਪੂਰੀ ਤਰ੍ਹਾਂ ਝਲਕ ਰਹੀ ਸੀ।

-ਸੁਖਵੀਰ ਸਿੰਘ ਕੰਗ

 

T & T Honda