Saturday , 19 August 2017
You are here: Home / ਖੇਡਾਂ / ਫਰੈਂਚ ਓਪਨ: ਆਹਮੋ-ਸਾਹਮਣੇ ਹੋਣਗੇ ਸੈਮੀ ਫਾਈਨਲ ’ਚ ਜੋਕੋਵਿਚ ਤੇ ਥੀਮ
ਫਰੈਂਚ ਓਪਨ: ਆਹਮੋ-ਸਾਹਮਣੇ ਹੋਣਗੇ ਸੈਮੀ ਫਾਈਨਲ ’ਚ ਜੋਕੋਵਿਚ ਤੇ ਥੀਮ

ਫਰੈਂਚ ਓਪਨ: ਆਹਮੋ-ਸਾਹਮਣੇ ਹੋਣਗੇ ਸੈਮੀ ਫਾਈਨਲ ’ਚ ਜੋਕੋਵਿਚ ਤੇ ਥੀਮ

ਪੈਰਿਸ, 2 ਜੂਨ: ਦਸ ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰਨ ਵਾਲਾ ਵਿਸ਼ਵ ਦਾ ਪਹਿਲਾ ਟੈਨਿਸ ਖਿਡਾਰੀ ਤੇ ਅੱਵਲ ਨੰਬਰ ਸਰਬੀਆ ਦਾ ਨੋਵਾਕ ਜੋਕੋਵਿਚ ਅੱਜ ਇਥੇ ਰੋਲਾਂ ਗੈਰਾਂ ਦੇ ਮੈਦਾਨ ’ਤੇ ਚੈੱਕ ਗਣਰਾਜ ਦੇ ਥਾਸਮ ਬਰਡੀਚ ਨੂੰ ਸਿੱਧੇ ਸੈੱਟਾਂ ਵਿੱਚ 6-3, 7-5, 6-3 ਦੀ ਮਾਤ ਦੇ ਕੇ ਸਾਲ ਦੇ ਦੂਜੇ ਗਰੈਂਡ ਸਲੈਮ ਫਰੈਂਚ ਓਪਨ ਦੇ ਸੈਮੀ ਫਾਈਨਲ ’ਚ ਪੁੱਜ ਗਿਆ। ਹੁਣ ਉਹ ਆਪਣਾ ਕਰੀਅਰ ਗਰੈਂਡ ਸਲੈਮ ਪੂਰਾ ਕਰਨ ਤੋਂ ਮਹਿਜ਼ ਦੋ ਕਦਮ ਦੂਰ ਹੈ। ਸੈਮੀ ਫਾਈਨਲ ਵਿੱਚ ਉਸ ਦੀ ਟੱਕਰ ਆਸਟਰੀਆ ਦੇ ਡੋਮੀਨਿਕ ਥੀਮ ਨਾਲ ਹੋਵੇਗੀ ਜਿਸ ਨੇ ਅੱਜ ਚੌਥੇ ਕੁਆਰਟਰ ਫਾਈਨਲ ’ਚ ਬੈਲਜੀਅਮ ਦੇ ਡੇਵਿਡ ਗੌਫਿਨ ਨੂੰ (4-6, 7-6, 6-4, 6-1) ਸੰਘਰਸ਼ਪੂਰਣ ਮੁਕਾਬਲੇ ’ਚ ਹਰਾਇਆ। ਪੁਰਸ਼ ਸਿੰਗਲਜ਼ ਦੇ ਦੂਜੇ ਸੈਮੀ ਫਾਈਨਲ ’ਚ ਇੰਗਲੈਂਡ ਦਾ ਐਂਡੀ ਮੱਰੇ ਤੇ ਸਵਿਟਜ਼ਰਲੈਂਡ ਦਾ ਸਟੇਨਿਸਲਾਸ ਵਾਵਰਿੰਕਾ ਆਹਮੋ ਸਾਹਮਣੇ ਹੋਣਗੇ। ਉਧਰ ਮਹਿਲਾ ਸਿੰਗਲਜ਼ ਵਰਗ ਵਿੱਚ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਤੇ ਹੋਲੈਂਡ ਦੀ ਕਿਕੀ ਬਰਟਨਜ਼ ਵੀ ਸੈਮੀ ਫਾਈਨਲ ’ਚ ਪੁੱਜ ਗਈਆਂ।

ਵਿਲੀਅਮਜ਼ ਨੇ ਕਜ਼ਾਖ਼ ਖਿਡਾਰਨ ਯੁਲੀਆ ਪੁਤਿਨਸੇਵਾ ਨੂੰ 5-7, 6-4, 6-1 ਜਦਕਿ ਕਿਕੀ ਨੇ ਸਵਿਟਜ਼ਰਲੈਂਡ ਦੀ ਟਾਈਮੀਆ ਬਾਸਿੰਜ਼ਕੀ ਨੂੰ ਸਿੱਧੇ ਸੈੱਟਾਂ ਵਿੱਚ 7-5, 6-2 ਨਾਲ ਹਰਾ ਦਿੱਤਾ।

11 ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲਾ ਜੋਕੋਵਿਚ ਹੁਣ ਤਕ ਦੇ ਆਪਣੇ ਕਰੀਅਰ ਦੌਰਾਨ ਫਰੈਂਚ ਓਪਨ ਖ਼ਿਤਾਬ ਜਿੱਤਣ ਵਿੱਚ ਨਾਕਾਮ ਰਿਹਾ ਹੈ। ਸਰਬਿਆਈ ਖਿਡਾਰੀ ਛੇ ਵਾਰ ਆਸਟਰੇਲੀਅਨ ਓਪਨ, ਤਿੰਨ ਵਾਰ ਵਿੰਬਲਡਨ ਤੇ ਦੋ ਵਾਰ ਯੂਐਸ ਓਪਨ ਖ਼ਿਤਾਬ ਜਿੱਤ ਚੁੱਕਾ ਹੈ, ਪਰ ਫਰੈਂਚ ਓਪਨ ਵਿੱਚ ਉਹ 2011, 2014 ਤੇ 2015 ਵਿੱਚ ਉਪ ਜੇਤੂ ਰਿਹਾ ਸੀ। ਜੋਕੋਵਿੱਚ ਨੂੰ ਅੱਜ ਕੁਆਰਟਰ ਫਾਈਨਲ ਮੁਕਾਬਲੇ ਦੇ ਪਹਿਲੇ ਸੈੱਟ(6-3) ਵਿੱਚ ਬਰਡੀਚ ਖ਼ਿਲਾਫ਼ ਕੋਈ ਖਾਸ ਦਿੱਕਤ ਨਹੀਂ ਹੋਈ, ਪਰ ਦੂਜਾ ਸੈੱਟ ਮੀਂਹ ਕਰਕੇ ਪਏ ਅੜਿੱਕੇ ਕਾਰਨ ਥੋੜ੍ਹਾ ਕਰੀਬੀ ਮਾਮਲਾ(7-5) ਹੋ ਗਿਆ। ਸਰਬਿਆਈ ਖਿਡਾਰੀ ਨੇ ਤੀਜੇ ਸੈੱਟ ਵਿੱਚ 6-3 ਨਾਲ ਕਸਰ ਕੱਢਦਿਆਂ ਮੈਚ ਆਪਣੇ ਨਾਂ ਕਰ ਲਿਆ।   ਸੈਮੀ ਫਾਈਨਲ ਵਿੱਚ ਸਿਖਰਲੇ ਤਿੰਨ ਖਿਡਾਰੀਆਂ (ਜੋਕੋਵਿਚ, ਮੱਰੇ ਤੇ ਵਾਵਰਿੰਕਾ) ਤੋਂ ਇਲਾਵਾ ਅੱਵਲ 10 ਖਿਡਾਰੀਆਂ ’ਚੋਂ ਬਾਹਰ ਰਹੇ ਡੋਮੀਨਿਕ ਥੀਮ ਨੇ ਅੱਜ ਆਪਣੀ ਮੌਜੂਦਗੀ ਦਰਜ ਕਰਾਈ। 22 ਸਾਲਾ ਥੀਮ ਆਲਮੀ ਦਰਜਾਬੰਦੀ ਵਿੱਚ 15ਵੇਂ ਸਥਾਨ ’ਤੇ ਕਾਬਜ਼ ਹੈ ਤੇ ਉਹ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਸੈਮੀ ਫਾਈਨਲ ’ਚ ਪੁੱਜਾ ਹੈ। ਇਸ ਤੋਂ ਪਹਿਲਾਂ ਉਸ ਦਾ ਸਰਵੋਤਮ ਪ੍ਰਦਰਸ਼ਨ 2014 ਦੇ ਯੂਐਸ ਓਪਨ ਦੇ ਚੌਥੇ ਗੇੜ ਵਿੱਚ ਪੁੱਜਣਾ ਸੀ। ਥੀਮ ਨੇ ਬੈਲਜੀਅਮ ਦੇ ਗੌਫ਼ਿਨ ਖ਼ਿਲਾਫ਼ ਪਹਿਲਾ ਸੈੱਟ 6-4 ਨਾਲ ਗੁਆਉਣ ਤੋਂ ਬਾਅਦ ਦੂਜੇ ਸੈੱਟ ਦਾ ਟਾਈਬ੍ਰੇਕਰ 9-7 ਨਾਲ ਜਿੱਤ ਕੇ ਜ਼ੋਰਦਾਰ ਵਾਪਸੀ ਕੀਤੀ। ਆਸਟਰਿਆਈ ਖਿਡਾਰੀ ਨੇ ਅਗਲੇ ਦੋ ਸੈੱਟ 6-4, 6-1 ਨਾਲ ਜਿੱਤ ਕੇ ਆਖਰੀ ਚਾਰ ਦੀ ਟਿਕਟ ਕਟਾ ਲਈ।

T & T Honda