Saturday , 19 August 2017
You are here: Home / ਖੇਡਾਂ / ਯੂਰੋ ਫੁਟਬਾਲ: ਮੇਜ਼ਬਾਨ ਫਰਾਂਸ ਤੇ ਸਵਿੱਟਜ਼ਰਲੈਂਡ ਵੱਲੋਂ ਜੇਤੂ ਸ਼ੁਰੂਆਤ
ਯੂਰੋ ਫੁਟਬਾਲ: ਮੇਜ਼ਬਾਨ ਫਰਾਂਸ ਤੇ ਸਵਿੱਟਜ਼ਰਲੈਂਡ ਵੱਲੋਂ ਜੇਤੂ ਸ਼ੁਰੂਆਤ

ਯੂਰੋ ਫੁਟਬਾਲ: ਮੇਜ਼ਬਾਨ ਫਰਾਂਸ ਤੇ ਸਵਿੱਟਜ਼ਰਲੈਂਡ ਵੱਲੋਂ ਜੇਤੂ ਸ਼ੁਰੂਆਤ

ਪੈਰਿਸ, 11 ਜੂਨ
ਦਿਮਿਤਰੀ ਪਾਇਤ ਵੱਲੋਂ ਆਖਰੀ ਮਿੰਟਾਂ ਵਿੱਚ ਕੀਤੇ ਸ਼ਾਨਦਾਰ ਗੋਲ ਸਦਕਾ ਮੇਜ਼ਬਾਨ ਫਰਾਂਸ ਨੇ ਅੱਜ ਇਥੇ ਸਟਾਡੇ ਡੀ ਫਰਾਂਸ ਸਟੇਡੀਅਮ ਵਿੱਚ ਯੂਏਫਾ ਯੂਰਪੀਨ ਚੈਂਪੀਅਨਸ਼ਿਪ (ਯੂਰੋ ਕੱਪ) ਦੇ ਉਦਘਾਟਨੀ ਮੁਕਾਬਲੇ ਵਿੱਚ ਰੋਮਾਨੀਆ ਨੂੰ 2-1 ਦੇ ਫਰਕ ਨਾਲ ਹਰਾ ਦਿੱਤਾ। ਪਿਛਲੇ ਸਾਲ 13 ਨਵੰਬਰ ਨੂੰ ਇਸੇ ਸਟੇਡੀਅਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਖਚਾਖਚ ਭਰੇ ਸਟੇਡੀਅਮ ਦੇ ਅੰਦਰ ਤੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਸਨ। ਮੁਕਾਬਲੇ ਦੇ ਪਹਿਲੇ ਅੱਧ ਤਕ ਦੋਵੇਂ ਟੀਮਾਂ ਗੋਲ ਕਰਨ ਵਿੱਚ ਨਾਕਾਮ ਰਹੀਆਂ। ਮੈਚ ਦਾ ਪਹਿਲਾ ਗੋਲ 58ਵੇਂ ਮਿੰਟ ਵਿੱਚ ਫਰਾਂਸ ਦੇ ਓਲਿਵਰ ਨੇ ਹੈੱਡਰ ਲਾ ਕੇ ਕੀਤਾ। ਇਸ ਗੋਲ ਨਾਲ ਫਰਾਂਸ ਨੂੰ 1-0 ਦੀ ਲੀਡ ਮਿਲੀ ਜਿਸ ਨੂੰ ਮੇਜ਼ਬਾਨ ਟੀਮ ਬਹੁਤਾ ਚਿਰ ਕਾਇਮ ਨਾ ਰੱਖ ਸਕੀ। ਖੇਡ ਦੇ 65ਵੇਂ ਮਿੰਟ ਰੋਮਾਨੀਆ ਦੀ ਟੀਮ ਨੂੰ ਪੈਨਲਟੀ ਸ਼ੂਟਆਊਟ ਮਿਲੀ ਜਿਸ ਨੂੰ ਸਟੇਕਿਯੂ ਨੇ ਗੋਲ ਵਿੱਚ ਬਦਲਣ ’ਚ ਕੋਈ ਗ਼ਲਤੀ ਨਹੀਂ ਕੀਤੀ ਤੇ ਸਕੋਰਲਾਈਨ ਬਰਾਬਰ ਕਰ ਦਿੱਤੀ। ਮੈਚ ਦੇ ਆਖਰੀ ਪਲਾਂ ’ਚ ਰੋਮਾਨੀਆ ਦੀ ਟੀਮ ਥੋੜ੍ਹੀ ਅਵੇਸਲੀ ਨਜ਼ਰ ਆਈ ਜਿਸ ਦਾ ਫਰਾਂਸ ਦੀ ਟੀਮ ਨੇ ਪੂਰਾ ਲਾਹਾ ਲਿਆ। ਮੇਜ਼ਬਾਨ ਟੀਮ ਲਈ ਦਮਿਤਰੀ ਪਾਇਤ ਨੇ 89ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕਰਕੇ 2-1 ਨਾਲ ਆਪਣੀ ਟੀਮ ਦੀ ਜਿੱਤ ਪੱਕੀ  ਕਰ ਦਿੱਤੀ।
ਲੈਂਸ (ਫਰਾਂਸ): ਫਾਬੀਆਨ ਸ਼ਾਏਰ ਵੱਲੋਂ ਸ਼ੁਰੂਆਤੀ ਮਿੰਟਾਂ ਵਿੱਚ ਕੀਤੇ ਗੋਲ ਦੀ ਬਦੌਲਤ ਸਵਿਟਜ਼ਰਲੈਂਡ ਨੇ 10 ਖਿਡਾਰੀਆਂ ਨਾਲ ਖੇਡ ਰਹੀ ਅਲਬਾਨੀਆ ਦੀ ਟੀਮ ਨੂੰ ਯੂਰੋ ਕੱਪ ਗਰੁੱਪ ਏ ਦੇ ਇਕ ਮੁਕਾਬਲੇ ਵਿੱਚ 1-0 ਨਾਲ ਹਰਾ ਦਿੱਤਾ। ਡਿਫੈਂਡਰ ਸ਼ਾਏਰ ਨੇ ਮੈਚ ਦੇ ਪੰਜਵੇਂ ਮਿੰਟ ਵਿੱਚ ਸ਼ਾਕੀਰੀ ਵੱਲੋਂ ਕੋਰਨਰ ਤੋਂ ਘੱਲੀ ਫੁਟਬਾਲ ਨੂੰ ਹੈੱਡਰ ਨਾਲ ਅਲਬਾਨਿਆਈ ਗੋਲ ’ਚ ਧੱਕ ਦਿੱਤਾ। ਇਸ ਜਿੱਤ ਨਾਲ ਸਵਿਸ ਟੀਮ ਨੂੰ ਤਿੰਨ ਅੰਕ ਮਿਲੇ ਹਨ। ਦੱਸਣਾ ਬਣਦਾ ਹੈ ਕਿ ਅਲਬਾਨੀਆ ਟੀਮ ਦੇ ਕਪਤਾਨ ਲੋਰਿਕ ਕਾਨਾ ਨੂੰ ਮੈਚ ਦੇ 36ਵੇਂ ਮਿੰਟ ਵਿੱਚ ਟੂਰਨਾਮੈਂਟ ਦਾ ਪਹਿਲਾ ਲਾਲ ਕਾਰਡ ਵਿਖਾਏ ਜਾਣ ਕਰਕੇ ਟੀਮ ਨੂੰ ਬਾਕੀ ਦਾ ਮੈਚ 10 ਖਿਡਾਰੀਆਂ ਨਾਲ ਖੇਡਣਾ ਪਿਆ। ਲਾਲ ਕਾਰਡ ਕਰਕੇ ਕਾਨਾ ਨੂੰ ਫਰਾਂਸ ਖ਼ਿਲਾਫ਼ ਬੁੱਧਵਾਰ ਨੂੰ ਮਾਰਸੇਲ ਵਿੱਚ ਹੋਣ ਵਾਲੇ ਮੁਕਾਬਲੇ ਤੋਂ ਵੀ ਬਾਹਰ ਬੈਠਣਾ ਪਏਗਾ।

T & T Honda