Saturday , 19 August 2017
You are here: Home / ਸਮਾਜਿਕ / ਸਭਿਆਚਾਰਕ / ਲਗਭਗ ਭੁਲਾ ਦਿੱਤਾ ਗਿਆ ਹੈ ਕ੍ਰਿਸ਼ਣਾ ਮੈਨਨ ਨੂੰ
ਲਗਭਗ ਭੁਲਾ ਦਿੱਤਾ ਗਿਆ ਹੈ ਕ੍ਰਿਸ਼ਣਾ ਮੈਨਨ ਨੂੰ

ਲਗਭਗ ਭੁਲਾ ਦਿੱਤਾ ਗਿਆ ਹੈ ਕ੍ਰਿਸ਼ਣਾ ਮੈਨਨ ਨੂੰ

ਵੈਂਗਲੀ ਕ੍ਰਿਸ਼ਣਨ ਕ੍ਰਿਸ਼ਨਾ ਮੈਨਨ (1896-1947) ਦਾ 120ਵਾਂ ਜਨਮ ਦਿਨ ਤਿੰਨ ਮਈ ਨੂੰ ਚੁੱਪਚਾਪ ਬੀਤ ਗਿਆ ਤੇ ਕਿਸੇ ਨੇ ਉਨ੍ਹਾਂ ਨੂੰ ਯਾਦ ਤੱਕ ਨਹੀਂ ਕੀਤਾ, ਕਿਉਂਕਿ ਉਨ੍ਹਾਂ ਨੂੰ ਲਗਭਗ ਭੁਲਾ ਦਿੱਤਾ ਗਿਆ ਹੈ। ਉਂਝ ਇਹ ਆਪੋ ਆਪਣੀ ਧਾਰਨਾ ਦਾ ਸਵਾਲ ਹੈ ਕਿ ਕੁਝ ਲੋਕਾਂ ਲਈ ਕ੍ਰਿਸ਼ਣਾ ਮੈਨਨ ਨਾਇਕ ਹਨ ਤਾਂ ਕੁਝ ਲਈ ਖਲਨਾਇਕ।
ਭਾਰਤ ਵਿੱਚ ਜਦੋਂ ਖਾਸ ਕਰਕੇ ਵਿਦੇਸ਼ ਨੀਤੀ ਦੇ ਮਾਮਲੇ ‘ਤੇ ਸੱਜੇ ਪੱਖੀ ਤਾਕਤਾਂ ਆਪਣੇ ਪੈਰ ਜਮਾ ਰਹੀਆਂ ਸਨ ਤੇ ਨਹਿਰੂ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਰਹੀਆਂ ਸਨ ਤਾਂ ਕ੍ਰਿਸ਼ਣਾ ਮੈਨਨ ਨਹਿਰੂ ਨਾਲ ਚੱਟਾਨ ਵਾਂਗ ਖੜੇ ਰਹੇ। ਨਹਿਰੂ ਦੀ ਵਿਦੇਸ਼ ਨੀਤੀ ਦੇ ਤਿੰਨ ਥੰਮ੍ਹ ਸਨ; ਸੋਵੀਅਤ ਯੂਨੀਅਨ ਤੇ ਚੀਨ ਨਾਲ ਦੋਸਤੀ ਵਧਾਉਣਾ, ਠੰਢੀ ਜੰਗ ਤੋਂ ਸੁਚੇਤ ਰੂਪ ‘ਚ ਵੱਖ ਰਹਿਣਾ ਅਤੇ ਗੁੱਟ ਨਿਰਲੇਪ ਅੰਦੋਲਨ ਦੇ ਰਾਹੀਂ ਵਿਕਾਸਸ਼ੀਲ ਤੀਜੀ ਦੁਨੀਆ ਦੀ ਏਕਤਾ ਮਜ਼ਬੂਤ ਕਰਨਾ। ਇਹ ਵੱਖਰੀ ਗੱਲ ਹੈ ਕਿ ਚੀਨੀਆਂ ਨੇ 1962 ‘ਚ ਨਹਿਰੂ ਦੀ ਪਿੱਠ ‘ਚ ਛੁਰਾ ਮਾਰਿਆ ਤੇ ਉਨ੍ਹਾਂ ਦੀ ਬੇਵਕਤੀ ਮੌਤ ਦੀ ਵਜ੍ਹਾ ਬਣੇ, ਕਿਉਂਕਿ ਨਹਿਰੂ ਚੀਨੀਆਂ ਦੀ ਗੱਦਾਰੀ ਦੇ ਸਦਮੇ ‘ਚੋਂ ਕਦੇ ਬਾਹਰ ਨਹੀਂ ਆ ਸਕੇ ਸਨ।
1950 ‘ਚ ਕਾਂਗਰਸ ਦੇ ਘਾਗ ਨੇਤਾ ਸੀ. ਰਾਜਗੋਪਾਲਾਚਾਰੀ ਵੱਲੋਂ ਸੁਤੰਤਰ ਪਾਰਟੀ ਦਾ ਗਠਨ ਕੀਤਾ ਗਿਆ। ਉਨ੍ਹਾਂ ਨੂੰ ਸਮਾਜਵਾਦ ਸ਼ਬਦ ਤੋਂ ਹੀ ਨਫਰਤ ਸੀ। ਸੋਵੀਅਤ ਯੂਨੀਅਨ ਤੇ ਚੀਨ ਨਾਲ ਮਿੱਤਰਤਾ ਵਧਾਉਣ ਤੇ ਅਮਰੀਕਾ ਤੋਂ ਦੂਰ ਰਹਿਣ ਦੀ ਨੀਤੀ ਕਾਰਨ ਸੱਜੇ ਪੱਖੀ ਸਿਆਸਤਦਾਨ ਨਹਿਰੂ ‘ਤੇ ਨਿਸ਼ਾਨਾ ਲਾਉਂਦੇ ਸਨ। ਅਕਤੂਬਰ 1962 ‘ਚ ਚੀਨ ਨੇ ਭਾਰਤ ‘ਤੇ ਹਮਲਾ ਕਰ ਦਿੱਤਾ ਅਤੇ ਇਸ ਗੁਆਂਢੀ ਹੱਥੋਂ ਭਾਰਤ ਨੂੰ ਸ਼ਰਮਨਾਕ ਹਾਰ ਝੱਲਣੀ ਪਈ, ਜਿਸ ਨੂੰ ਯੂ ਐਨ ਓ ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਦਿਵਾਉਣ ਲਈ ਨਹਿਰੂ ਨੇ ਦਿਨ ਰਾਤ ਇਕ ਕਰ ਦਿੱਤਾ ਸੀ।
ਭਾਰਤ ਉੱਤੇ ਪੱਥਰ ਵਾਂਗ ਵਰ੍ਹੀ ਇਸ ਹਾਰ ਨੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਉਨ੍ਹਾਂ ਦੇ ‘ਸਹਿ-ਯੋਧਾ’ ਰੱਖਿਆ ਮੰਤਰੀ ਕ੍ਰਿਸ਼ਣਾ ਮੈਨਨ ਉੱਤੇ ਸੱਜੇ ਪੱਖੀਆਂ ਦੇ ਹਮਲੇ ਦਾ ਬਹਾਨਾ ਪੇਸ਼ ਕਰਵਾਇਆ। ਫਿਰ ਵੀ ਸੱਜੇ ਪੱਖੀ ਸਿੱਧੇ ਨਹਿਰੂ ਤੋਂ ਅਸਤੀਫਾ ਮੰਗਣ ਦੀ ਹਿੰਮਤ ਨਹੀਂ ਕਰ ਸਕੇ ਸਨ। ਇਸੇ ਲਈ ਉਨ੍ਹਾਂ ਨੇ ਕ੍ਰਿਸ਼ਣਾ ਮੈਨਨ ‘ਤੇ ਆਪਣਾ ਨਿਸ਼ਾਨਾ ਕੇਂਦ੍ਰਿਤ ਰੱਖਿਆ। ਮੈਨਨ ਨੂੰ ਉਲ੍ਹਾਂਭਾ ਦਿੱਤਾ ਗਿਆ ਕਿ ਉਹ ‘ਕਮਿਊਨਿਸਟ’ ਹਨ, ਜੋ ਜਾਣਬੁੱਝ ਕੇ ਭਾਰਤ ਦੀਆਂ ਫੌਜੀ ਤਿਆਰੀਆਂ ਨੂੰ ਅਣਡਿੱਠ ਕਰਦੇ ਰਹੇ ਹਨ। ਇਹ ਦੋਸ਼ ਲਾਇਆ ਗਿਆ ਕਿ ਉਨ੍ਹਾਂ ਅਧੀਨ ਭਾਰਤ ਦੀਆਂ ਅਸਲਾ ਫੈਕਟਰੀਆਂ ਗੋਲਾ ਬਾਰੂਦ ਬਣਾਉਣ ਦੀ ਥਾਂ ਕੌਫੀ ਬਣਾਉਣ ਦੀਆਂ ਮਸ਼ੀਨਾਂ ਅਤੇ ਘਰੇਲੂ ਯੰਤਰ ਬਣਾਉਣ ਦਾ ਕੰਮ ਕਰ ਰਹੀਆਂ ਸਨ। ਇਹ ਸਸਤਾ ਪ੍ਰਾਪੇਗੰਡਾ ਸੀ, ਪਰ ਉਦੋਂ ਦੇ ਹਾਲਾਤ ‘ਚ ਇਹ ਬਹੁਤ ਕਾਰਗਰ ਸਿੱਧ ਹੋਇਆ।
ਇਹ ਗੱਲ ਬੜੀ ਆਸਾਨੀ ਨਾਲ ਭੁਲਾ ਦਿੱਤੀ ਗਈ ਕਿ 1950 ਅਤੇ 1960 ਦੇ ਦਹਾਕਿਆਂ ‘ਚ ਭਾਰਤ ਕੋਲ ‘ਅਰੀਹੰਤ’ ਸੀਰੀਜ਼ ਦੀਆਂ ਐਟਮੀ ਪਣਡੁੱਬੀਆਂ ਜਾਂ ‘ਅਗਨੀ’ ਸੀਰੀਜ਼ ਦੀਆਂ ਮਿਜ਼ਾਈਲਾਂ ਜਾਂ ‘ਅਰਜੁਨ’ ਵਰਗੇ ਮੁੱਖ ਲੜਾਕੂ ਟੈਂਕ ਅਤੇ ‘ਤੇਜਸ’ ਵਰਗੇ ਹਵਾ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੇ ਲੜਾਕੂ ਜਹਾਜ਼ਾਂ ਵਰਗਾ ਆਧੁਨਿਕ ਰੱਖਿਆ ਸਾਜ਼ੋ ਸਾਮਾਨ ਤਿਆਰ ਕਰਨ ਲਈ ਨਾ ਦੇਸ਼ੀ ਟੈਕਨਾਲੋਜੀ ਸੀ, ਨਾ ਬੁਨਿਆਦੀ ਢਾਂਚਾ। ਇਹ ਅਜੇ ਦੂਰ ਭਵਿੱਖ ਦੀਆਂ ਗੱਲਾਂ ਸਨ। ਹੋਰ ਕੋਈ ਨਹੀਂ, ਇਹ ਨਹਿਰੂ ਹੀ ਸੀ, ਜਿਸ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਦੇਸ਼ੀ ਟੈਕਨਾਲੋਜੀ ਵਿਕਸਿਤ ਕਰਨ ਅਤੇ ਵੰਨ ਸੁਵੰਨਤਾ ਭਰੇ ਉਦਯੋਗਿਕ ਵਿਕਾਸ ਦੀ ਨੀਂਹ ਰੱਖਣ ਦਾ ਕਦਮ ਚੁੱਕਿਆ। ਇਹ ਨਹਿਰੂ ਹੀ ਸੀ, ਜਿਸ ਨੇ ਵਿਗਿਆਨੀ ਸ਼ਾਂਤੀ ਸਵਰੂਪ ਭਟਨਾਗਰ ਦੀ ਸਹਾਇਤਾ ਨਾਲ ਖੋਜ ਅਦਾਰਿਆਂ ਦੀ ਇਕ ਲੜੀ ਕਾਇਮ ਕਰ ਦਿੱਤੀ ਅਤੇ 1958 ਵਿੱਚ ‘ਰੱਖਿਆ ਉਤਪਾਦਨ ਤੇ ਵਿਕਾਸ ਸੰਗਠਨ’ (ਡੀ ਆਰ ਡੀ ਓ) ਦੀ ਨੀਂਹ ਰੱਖੀ। ਅੱਜ ਇਸੇ ਅਦਾਰੇ ਨੂੰ ਰੱਖਿਆ ਖੋਜ ਦੇ ਖੇਤਰ ਵਿੱਚ ਵਿਸ਼ਵ ਪੱਧਰ ਦੇ ਅਦਾਰਿਆਂ ‘ਚ ਗਿਣਿਆ ਜਾਂਦਾ ਹੈ।
ਇਨ੍ਹਾਂ ਸਾਰੇ ਯਤਨਾਂ ਵਿੱਚ ਨਹਿਰੂ ਆਪਣੇ ਭਰੋਸੇਮੰਦ ਕ੍ਰਿਸ਼ਣਾ ਮੈਨਨ ਤੋਂ ਸਹਾਇਤਾ ਲੈਂਦੇ ਰਹੇ ਅਤੇ ਮੈਨਨ ਵੀ ਕਿਸੇ ਤਰ੍ਹਾਂ ਪਿੱਛੇ ਨਹੀਂ ਹਟੇ। ਸ਼ਖਸੀਅਤ ਦੇ ਪੱਖ ਤੋਂ ਮੈਨਨ ਸੂਖਮ ਭਾਵਨਾ ਵਾਲੇ ਨਹੀਂ ਸਨ, ਜਿਸ ਕਰਕੇ ਉਨ੍ਹਾਂ ਨੇ ਆਪਣੇ ਦੁਸ਼ਮਣ ਤਾਂ ਬਹੁਤ ਬਣਾ ਲਏ, ਪਰ ਦੋਸਤ ਬਹੁਤ ਘੱਟ ਸਨ। ਉਹ ਕਿਸੇ ਦਾ ਮਜ਼ਾਕ ਉਡਾਉਂਦੇ ਸਮੇਂ ਕੋਈ ਲਿਹਾਜ਼ ਨਹੀਂ ਕਰਦੇ ਸਨ।
ਮੈਨੂੰ ਇਕ ਘਟਨਾ ਯਾਦ ਹੈ। 1961 ਜਾਂ 1962 ਦੀ ਗੱਲ ਹੋਵੇਗੀ, ਜਦੋਂ ਅਮਰੀਕਾ ਨੇ ਪਾਕਿਸਤਾਨ ਨੂੰ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਨਵੀਂ ਦਿੱਲੀ ਦੀ ਕਾਂਸਟੀਚਿਊਸ਼ਨ ਕਲੱਬ ‘ਚ ਇਕ ਰੋਸ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਕ੍ਰਿਸ਼ਣਾ ਮੈਨਨ ਮੁੱਖ ਬੁਲਾਰੇ ਸਨ। ਜਿਵੇਂ ਹੀ ਉਹ ਉਠੇ ਅਤੇ ਬੋਲਣਾ ਸ਼ੁਰੂ ਕੀਤਾ;
‘ਮਾਣਯੋਗ ਪ੍ਰਧਾਨ ਸਾਹਿਬ, ਦੇਵੀਓ ਤੇ ਸੱਜਣੋ,’
ਅਗਲੀ ਕਤਾਰ ਦੀਆਂ ਕੁਰਸੀਆਂ ਉੱਤੇ ਆਪਣੀ ਮਾਂ ਦੀ ਗੋਦ ਵਿੱਚ ਬੈਠੇ ਇਕ ਬੱਚੇ ਨੇ ਜ਼ੋਰ ਨਾਲ ਚੀਕ ਮਾਰ ਦਿੱਤੀ। ਕ੍ਰਿਸ਼ਣਾ ਮੈਨਨ ਬੋਲਦੇ-ਬੋਲਦੇ ਰੁਕ ਗਏ। ਕੁਝ ਪਲ ਬੀਤ ਗਏ ਤਾਂ ਉਨ੍ਹਾਂ ਨੇ ਮੁੜ ਆਪਣੀ ਗੱਲ ਸ਼ੁਰੂ ਕੀਤੀ, ‘ਮੈਨੂੰ ਅਫਸੋਸ ਹੈ, ਪ੍ਰਧਾਨ ਸਾਹਿਬ, ਦੇਵੀਓ, ਸੱਜਣੋਂ ਅਤੇ ਅਸੱਜਣ ਬੱਚਿਓ।’
ਸਾਰੇ ਸਰੋਤੇ ਖਿੜਖਿੜਾ ਕੇ ਹੱਸ ਪਏ, ਪਰ ਬੱਚੇ ਦੀ ਮਾਂ ਨੂੰ ਕਾਫੀ ਪ੍ਰੇਸ਼ਾਨੀ ਮਹਿਸੂਸ ਹੋਈ।
ਯੂ ਐਨ ਸਕਿਓਰਟੀ ਕੌਂਸਲ ਵਿੱਚ ਪਾਕਿਸਤਾਨ ਦੇ ਭਾਰਤ ਵਿਰੋਧੀ ਪ੍ਰਚਾਰ ਦਾ ਅਸਰਦਾਰ ਢੰਗ ਨਾਲ ਜਵਾਬ ਦੇਣ ਲਈ ਨਹਿਰੂ ਨੇ ਮੁੱਖ ਤੌਰ ‘ਤੇ ਜਿਸ ਆਦਮੀ ‘ਤੇ ਆਸ ਰੱਖੀ ਸੀ, ਉਹ ਕ੍ਰਿਸ਼ਣਾ ਮੈਨਨ ਹੀ ਸਨ। 1957 ‘ਚ ਯੂ ਐਨ ਓ ਸਕਿਓਰਟੀ ਕੌਂਸਲ ਵਿੱਚ ਲਗਾਤਾਰ ਬਿਨਾਂ ਰੁਕੇ ਅੱਠ ਘੰਟੇ ਭਾਸ਼ਣ ਦੇ ਕੇ ਮੈਨਨ ਨੇ ਇਕ ਰਿਕਾਰਡ ਕਾਇਮ ਕਰ ਦਿੱਤਾ। ਉਨ੍ਹਾਂ ਨੇ ਪਾਕਿਸਤਾਨ ਦੇ ਝੂਠੇ ਪ੍ਰਾਪੇਗੰਡੇ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਕਸ਼ਮੀਰ ਬਾਰੇ ਭਾਰਤ ਦੇ ਸਿਧਾਂਤ ‘ਤੇ ਆਧਾਰਿਤ ਸਟੈਂਡ ਦੀ ਵਿਆਖਿਆ ਕੀਤੀ। ਇੰਨੇ ਲੰਬੇ ਭਾਸ਼ਣ ਤੋਂ ਬਾਅਦ ਮੈਨਨ ਬੇਹੋਸ਼ ਹੋ ਗਏ ਸਨ।
ਸਾਲ 1962 ਵਿੱਚ ਚੀਨ ਹੱਥੋਂ ਭਾਰਤ ਦੀ ਜੰਗ ‘ਚ ਹੋਈ ਹਾਰ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਸੱਜੇ ਪੱਖੀ ਤਾਂ ਮੈਨਨ ਦੇ ਮੁੱਢੋਂ ਵਿਰੋਧੀ ਸਨ, ਇਸ ਹਾਰ ਤੋਂ ਬਾਅਦ ਉਨ੍ਹਾਂ ਨੂੰ ਇਕ ਚੰਗਾ ਮੌਕਾ ਮਿਲ ਗਿਆ ਤੇ ਉਨ੍ਹਾਂ ਨੇ ਮੈਨਨ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਬਦਕਿਸਮਤੀ ਨਾਲ ਮੌਲਾਨਾ ਅਬੁਲ ਕਲਾਮ ਆਜ਼ਾਦ ਅਤੇ ਆਚਾਰੀਆ ਕ੍ਰਿਪਲਾਨੀ ਵਰਗੇ ਕੁਝ ਕਾਂਗਰਸੀ ਨੇਤਾ ਵੀ ਕ੍ਰਿਸ਼ਣਾ ਮੈਨਨ ਨੂੰ ਬਾਹਰਲਾ ਰਾਹ ਦਿਖਾਉਣਾ ਚਾਹੁੰਦੇ ਸਨ। 1962 ਵਿੱਚ ਚੀਨ ਦੇ ਹਮਲੇ ਤੋਂ ਕੁਝ ਮਹੀਨੇ ਪਹਿਲਾਂ ਕ੍ਰਿਪਲਾਨੀ ਨੇ ਨਾਰਥ ਬਾਂਬੇ ਲੋਕ ਸਭਾ ਹਲਕੇ ਤੋਂ ਕ੍ਰਿਸ਼ਣਾ ਮੈਨਨ ਵਿਰੁੱਧ ਚੋਣ ਲੜੀ ਸੀ, ਪਰ ਮੈਨਨ ਸ਼ਾਨਦਾਰ ਢੰਗ ਨਾਲ ਜਿੱਤ ਗਏ ਸਨ।
ਇਸ ਚੋਣ ਦੇ ਸੰਬੰਧ ‘ਚ ਕਾਂਗਰਸ ਅੰਦਰ ਚੱਲ ਰਹੀਆਂ ਕਾਰਗੁਜ਼ਾਰੀਆਂ ਉੱਤੇ ਮੈਨੂੰ ਨੇੜਿਓਂ ਨਜ਼ਰ ਮਾਰਨ ਦਾ ਮੌਕਾ ਮਿਲਿਆ ਸੀ। ਉਦੋਂ ਸਾਦਿਕ ਅਲੀ ਕਾਂਗਰਸ ਦੇ ਜਨਰਲ ਸਕੱਤਰ ਸਨ। ਇਕ ਦਿਨ ਸਾਦਿਕ ਅਲੀ ਦੀ ਪਤਨੀ ਸ਼ਾਂਤੀ ਨੇ ‘ਹਿੰਦੁਸਤਾਨ ਸਟੈਂਡਰਡ’ ਦੇ ਦਿੱਲੀ ਐਡੀਸ਼ਨ ਦੇ ਸੰਪਾਦਕ ਮਨੋਰੰਜਨ ਗੁਹਾ ਅਤੇ ਮੈਨੂੰ ਲੰਚ ‘ਤੇ ਸੱਦਿਆ। ਇਸ ‘ਚ ਕੋਈ ਖਾਸ ਗੱਲ ਨਹੀਂ ਸੀ, ਕਿਉਂਕਿ ਉਹ ਅਕਸਰ ਸਾਨੂੰ ਸੱਦਦੇ ਰਹਿੰਦੇ ਸਨ। ਜਦੋਂ ਅਸੀਂ ਉਨ੍ਹਾਂ ਦੇ ਘਰ ਪਹੁੰਚੇ, ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਆਚਾਰੀਆ ਕ੍ਰਿਪਲਾਨੀ ਵੀ ਉਥੇ ਬੈਠੇ ਹੋਏ ਸਨ ਤੇ ਸਾਦਿਕ ਅਲੀ ਨਾਲ ਨਾਰਥ ਬਾਂਬੇ ਲੋਕ ਸਭਾ ਹਲਕੇ ਲਈ ਚੋਣ ਰਣਨੀਤੀ ਦੇ ਸੰਬੰਧ ਵਿੱਚ ਚਰਚਾ ਕਰ ਰਹੇ ਸਨ। ਅਸੀਂ ਉਨ੍ਹਾਂ ਦੀ ਚਰਚਾ ‘ਚ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਸੀ, ਇਸ ਲਈ ਦੂਜੇ ਕਮਰੇ ‘ਚ ਚਲੇ ਗਏ। ਉਸ ਪਿੱਛੋਂ ਦੋਵਾਂ ਵਿਚਾਲੇ ਕੀ ਹੋਇਆ, ਮੈਂ ਨਹੀਂ ਜਾਣਦਾ। ਬਿਲਕੁਲ ਦੋ ਉਲਟ ਧੜਿਆਂ ਨਾਲ ਸੰਬੰਧਤ ਦੋ ਸਿਆਸਤਦਾਨਾਂ ਨੂੰ ਗੁਪਤ ਘੁਸਰ ਮੁਸਰ ਕਰਦਿਆਂ ਦੇਖਣ ਦੀ ਘਟਨਾ ਨੇ ਮੈਨੂੰ ਇਹ ਦੱਸ ਦਿੱਤਾ ਕਿ ਕਾਂਗਰਸ ਦੇ ਸਿਆਸੀ ਧਰਾਤਲ ਹੇਠਾਂ ਸੱਜੇ ਪੱਖੀਆਂ ਨੇ ਕਿਸ ਤਰ੍ਹਾਂ ਕੋਸਿ਼ਸ਼ ਜਾਰੀ ਰੱਖੀ ਹੋਈ ਸੀ। ਇਹ ਘਟਨਾ ਹਮੇਸ਼ਾ ਲਈ ਮੇਰੇ ਦਿਲੋ ਦਿਮਾਗ ‘ਚ ਦਰਜ ਹੋ ਗਈ।
ਕ੍ਰਿਸ਼ਣਾ ਮੈਨਨ ਨੇ 1962 ਵਿੱਚ ਕ੍ਰਿਪਲਾਨੀ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਤੇ ਉਦੋਂ ਗੀਤਕਾਰ ਪ੍ਰੇਮ ਧਵਨ ਨੇ ਇਕ ਅਭੁੱਲ ਗੀਤ ਦੀ ਰਚਨਾ ਕੀਤੀ ਸੀ, ਜਿਸ ਦੇ ਬੋਲ ਸਨ; ‘ਇਧਰ ਖੜੇ ਹੈਂ ਕ੍ਰਿਸ਼ਣਾ ਮੈਨਨ, ਉਧਰ ਖੜੇ ਹੈਂ ਕ੍ਰਿਪਲਾਨੀ, ਇਧਰ ਸਾਥ ਹੈ ਅਪਨੀ ਜਨਤਾ, ਉਧਰ ਉਨ ਕੇ ਰਾਜਾ-ਰਾਨੀ।’ ਇਹ ਗੀਤ ਬਹੁਤ ਤੇਜ਼ੀ ਨਾਲ ਤੇ ਵਿਆਪਕ ਪੱਧਰ ‘ਤੇ ਹਰਮਨ ਪਿਆਰਾ ਹੋਇਆ ਸੀ।
ਅਕਤੂਬਰ 1962 ਦੇ ਚੀਨੀ ਹਮਲੇ ਤੇ ਭਾਰਤ ਦੀ ਸ਼ਰਮਨਾਕ ਹਾਰ ਨੇ ਪੂਰਾ ਨਕਸ਼ਾ ਬਦਲ ਦਿੱਤਾ। ਕ੍ਰਿਸ਼ਣਾ ਮੈਨਨ ਬਾਰੇ ਹਰੇਕ ਹਾਂ-ਪੱਖੀ ਗੱਲ ਨਕਾਰ ਦਿੱਤੀ ਗਈ। ਇਹ ਵੀ ਭੁਲਾ ਦਿੱਤਾ ਗਿਆ ਕਿ ਰੱਖਿਆ ਮੰਤਰੀ ਵਜੋਂ ਕੁਝ ਮਹੀਨੇ ਪਹਿਲਾਂ (ਦਸੰਬਰ 1961 ‘ਚ) ਮੈਨਨ ਨੇ ਭਾਰਤੀ ਫੌਜ ਨੂੰ ਗੋਆ ‘ਤੇ ਹਮਲਾ ਕਰਨ ਤੇ ਉਸ ਨੂੰ ਪੁਰਤਗਾਲੀਆਂ ਦੀ ਸਦੀਆਂ ਪੁਰਾਣੀ ਗੁਲਾਮੀ ਤੋਂ ਮੁਕਤ ਕਰਵਾਉਣ ਦਾ ਹੁਕਮ ਦਿੱਤਾ ਸੀ। ਇਹ ਵੀ ਭੁਲਾ ਦਿੱਤਾ ਕਿ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੀ ਹਮਾਇਤ ਕਰਨ ਦੇ ਚੀਨੀ ਪਾਖੰਡ ਨੂੰ ਉਨ੍ਹਾਂ ਨੇ ਯੂ ਐਨ ਓ ‘ਚ ਕਿੰਨੇ ਸ਼ਾਨਦਾਰ ਢੰਗ ਨਾਲ ਨੰਗਾ ਕੀਤਾ ਸੀ। ਯੂ ਐਨ ਓ ‘ਚ ਚੀਨੀ ਨੁਮਾਇੰਦੇ ਮਿ. ਸਿਆਂਗ ਨੇ ਇਹ ਪਾਖੰਡ ਭਰੀ ਦਲੀਲ ਦਿੱਤੀ ਸੀ ਕਿ ‘ਮੈਨੂੰ ਉਮੀਦ ਹੈ ਕਿ ਬ੍ਰਿਟੇਨ ਤੋਂ ਭਾਰਤ ਦੇ ਲੋਕਾਂ ਨੇ ਜੋ ਮੰਗਿਆ ਤੇ ਚਾਹਿਆ ਸੀ, ਉਹ ਕਸ਼ਮੀਰ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ।’
ਕ੍ਰਿਸ਼ਣਾ ਮੈਨਨ ਨੇ ਅਸਰਦਾਰ ਢੰਗ ਨਾਲ ਚੀਨ ਦੇ ਇਸ ਨਜ਼ਰੀਏ ਦੇ ਚੀਥੜੇ ਉਡਾਉਂਦਿਆਂ ਕਿਹਾ, ‘ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਭਾਰਤੀਆਂ ਨੇ ਬ੍ਰਿਟੇਨ ਤੋਂ ਸਵੈ-ਨਿਰਣੇ ਦਾ ਹੱਕ ਨਹੀਂ ਮੰਗਿਆ ਸੀ। ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਦਾ ਨਾਅਰਾ ਦਿੱਤਾ ਸੀ। ਅੱਜ ਜਿਸ ਧਾਰਨਾ ਨੂੰ ਇਤਿਹਾਸ ਦੇ ਉਲਟ ਜਾ ਕੇ ਗਲਤ ਢੰਗ ਨਾਲ ਪੇਸ਼ ਕਰਦਿਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਭਾਰਤੀ ਆਜ਼ਾਦੀ ਬਿਲਕੁਲ ਅਜਿਹੀਆਂ ਦਲੀਲਾਂ ‘ਤੇ ਆਧਾਰਤ ਨਹੀਂ ਸੀ। ਇਹ ਸੁਝਾਅ ਦੇਣਾ ਕਿ ਬ੍ਰਿਟਿਸ਼ ਸਾਮਰਾਜ ਨਾਲ ਜੋ ਕਾਨੂੰਨ ਤੇ ਕਾਨੂੰਨੀ ਪ੍ਰਣਾਲੀਆਂ, ਐਗਰੀਮੈਂਟ, ਸੰਧੀਆਂ, ਅਧਿਕਾਰ ਤੇ ਫਰਕ ਜੁੜੇ ਹੋਏ ਸਨ, ਉਹ ਸੱਤਾ ਹਵਾਲਗੀ ਦੇ ਨਾਲ ਅਲੋਪ ਹੋ ਗਏ ਹਨ, ਸਾਡੇ ਲਈ ਬਹੁਤ ਗੰਭੀਰ ਗੱਲ ਹੋਵੇਗੀ। ਮੈਂ ਇਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਕਿ ਸਾਨੂੰ ਹੁਣ ਨਵੇਂ ਸਿਰਿਓਂ ਯੂ ਐਨ ਓ ਦਾ ਮੈਂਬਰ ਨਹੀਂ ਬਣਨਾ ਚਾਹੀਦਾ, ਸਗੋਂ ਅਸੀਂ ਇਕ ਪਿਛਲੇ ਭਾਰਤੀ ਸੱਤਾਤੰਤਰ ਦੀ ਨਵੀਂ ਵਾਰਸ ਤਾਕਤ ਹਾਂ। ਅਸੀਂ ਇਹ ਹਮੇਸ਼ਾ ਲਈ ਦਰਜ ਕਰਨਾ ਚਾਹੁੰਦੇ ਹਾਂ ਕਿ ਇਥੇ ਪੇਸ਼ ਕੀਤੀ ਗਈ ਇਸ ਦਲੀਲ ਨੂੰ ਅਸੀਂ ਬਿਲਕੁਲ ਸਵੀਕਾਰ ਨਹੀਂ ਕਰਦੇ ਕਿ ਸੱਤਾ ਹਵਾਲਗੀ ਤੋਂ ਬਾਅਦ ਭਾਰਤ ਦੇ ਸਾਰੇ ਕਾਨੂੰਨੀ ਅਧਿਕਾਰ, ਫਰਜ਼ ਤੇ ਸੱਤਾਤੰਤਰ ਨਾਲ ਸੰਬੰਧਤ ਹੋਰ ਸਾਰਾ ਕੁਝ ਬ੍ਰਿਟਿਸ਼ ਸ਼ਾਸਕਾਂ ਦੇ ਨਾਲ ਹਵਾ ਹੋ ਗਿਆ ਹੈ। ਅਸਲ ‘ਚ ਅਸੀਂ ਬ੍ਰਿਟਿਸ਼ ਦੀ ਥਾਂ ਇਕ ਨਵੇਂ ਸੱਤਾਤੰਤਰ ਵਜੋਂ ਬਿਰਾਜਮਾਨ ਹੋਏ ਹਾਂ ਅਤੇ ਪਿਛਲੇ ਸਾਰੇ ਕਾਨੂੰਨੀ ਅਧਿਕਾਰਾਂ, ਫਰਜ਼ਾਂ ਤੇ ਤਾਕਤਾਂ ਦੇ ਮਾਲਕ ਹਾਂ।’
ਨਹਿਰੂ ਦੀ ਮੌਤ ਤੋਂ ਬਾਅਦ ਕ੍ਰਿਸ਼ਣਾ ਮੈਨਨ ਨੇ ਖੁਦ ਨੂੰ ਬਹੁਤ ਦੁਖਦਾਈ ਹੱਦ ਤੱਕ ਕਾਂਗਰਸ ਵਿੱਚ ਇਕੱਲਾ ਮਹਿਸੂਸ ਕੀਤਾ ਤੇ ਉਨ੍ਹਾਂ ਲਈ ਕਾਂਗਰਸ ‘ਚ ਰਹਿਣਾ ਮੁਸ਼ਕਿਲ ਹੋ ਗਿਆ, ਕਿਉਂਕਿ ਉਨ੍ਹਾਂ ਨੂੰ ਲਗਾਤਾਰ ਲੱਭ-ਲੱਭ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਆਖਰ ਦਸੰਬਰ 1966 ਵਿੱਚ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। 1974 ਵਿੱਚ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਮਿੱਤਰਾਂ ਦੇ ਛੋਟੇ ਜਿਹੇ ਦਾਇਰੇ ਤੋਂ ਇਲਾਵਾ ਨਾ ਹੋਰ ਕਿਸੇ ਦੀ ਅੱਖ ‘ਚ ਹੰਝੂ ਆਏ, ਨਾ ਕਿਸੇ ਨੇ ਹਉਕਾ ਭਰਿਆ ਤੇ ਨਾ ਕਿਸੇ ਨੇ ਉਨ੍ਹਾਂ ਦਾ ਗੁਣਗਾਨ ਕੀਤਾ।
ਅੱਜ ਲਗਭਗ ਸਾਡੇ ਪੰਜ ਦਹਾਕਿਆਂ ਪਿੱਛੋਂ ਫਿਰਕੂ ਤੇ ਫੁੱਟ-ਪਾਊ ਵਿਚਾਰਧਾਰਾ ਦੀਆਂ ਝੰਡਾ ਬਰਦਾਰ ਸੱਜੇ ਪੱਖੀ ਤਾਕਤਾਂ ਮੁੜ ਸਿਰ ਚੁੱਕ ਰਹੀਆਂ ਹਨ ਅਤੇ ਆਪਸੀ ਫੁੱਟ, ਧਰੁਵੀਕਰਨ ਦੀਆਂ ਆਪਣੀਆਂ ਨੀਤੀਆਂ ਦੇ ਜ਼ਰੀਏ ਰਾਸ਼ਟਰ ਦੇ ਅਨੇਕਤਾਵਾਦੀ ਤਾਣੇ ਬਾਣੇ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਨਾਲ ਚੱਲਣ ਵਾਲੇ ਕੁਝ ਸਮਝਦਾਰ ਲੋਕ ਕਹਿ ਰਹੇ ਹਨ ਕਿ ਦੇਸ਼ ‘ਇਕੱਲੇ ਵਿਅਕਤੀ ਦੀ ਰਾਸ਼ਟਰਪਤੀ ਸ਼ੈਲੀ ਵਾਲੀ’ ਸਰਕਾਰ ਵੱਲ ਵਧ ਰਿਹਾ ਹੈ, ਜਿਸ ‘ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੋਵੇਗਾ।’
ਕਾਸ਼! ਅੱਜ ਲੋਕਤੰਤਰ ਦੇ ਪੱਖ ‘ਚ ਅਤੇ ਕਿਸੇ ਵੀ ਕਿਸਮ ਦੀ ਤਾਨਾਸ਼ਾਹੀ ਦੇ ਵਿਰੁੱਧ ਬੋਲਣ ਵਾਲੀ ਕ੍ਰਿਸ਼ਣਾ ਮੈਨਨ ਵਰਗੀ ਕੋਈ ਕੜਕ ਆਵਾਜ਼ ਹੁੰਦੀ।

-ਬਰੁਣ ਦਾਸ ਗੁਪਤਾ

T & T Honda