Saturday , 19 August 2017
You are here: Home / featured / ਵਿਆਹੁਤਾ ਦੀ ਮੌਤ ਦਾ ਮਾਮਲਾ: ਮਾਪਿਆਂ ਦੀ ਅਪੀਲ ’ਤੇ ਮੈਡੀਕਲ ਬੋਰਡ ਨੇ ਕੀਤਾ ਪੋਸਟਮਾਰਟਮ
ਵਿਆਹੁਤਾ ਦੀ ਮੌਤ ਦਾ ਮਾਮਲਾ: ਮਾਪਿਆਂ ਦੀ ਅਪੀਲ ’ਤੇ ਮੈਡੀਕਲ ਬੋਰਡ ਨੇ ਕੀਤਾ ਪੋਸਟਮਾਰਟਮ

ਵਿਆਹੁਤਾ ਦੀ ਮੌਤ ਦਾ ਮਾਮਲਾ: ਮਾਪਿਆਂ ਦੀ ਅਪੀਲ ’ਤੇ ਮੈਡੀਕਲ ਬੋਰਡ ਨੇ ਕੀਤਾ ਪੋਸਟਮਾਰਟਮ

ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਫੇਜ਼-6 ਵਿੱਚ ਵਿਆਹੁਤਾ ਔਰਤ ਤਮੰਨਾ ਗੋਇਲ ਪਤਨੀ ਰਾਹੁਲ ਗੋਇਲ ਵਾਸੀ ਸੋਲਨ ਦੀ ਭੇਤਭਰੀ ਮੌਤ ਤੋਂ ਬਾਅਦ ਲੜਕੀ ਦਾ ਪੇਕਾ ਅਤੇ ਸੁਹਰਾ ਪਰਿਵਾਰ ਆਹਮੋ-ਸਾਹਮਣੇ ਆ ਗਏ। ਮੁਹਾਲੀ ਤੇ ਸੋਲਨ ਪੁਲੀਸ ਦੀ ਮੌਜੂਦਗੀ ਵਿੱਚ ਅੱਜ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਸੁਹਰੇ ਪਰਿਵਾਰ ਵਾਲੇ ਪੁਲੀਸ ਦੇ ਜ਼ੋਰ ਨਾਲ ਲਾਸ਼ ਨੂੰ ਆਪਣੇ ਨਾਲ ਸੋਲਨ ਲਿਜਾਣ ਲੱਗੇ ਪਰ ਮ੍ਰਿਤਕਾ ਦੇ ਮਾਪਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸੋਲਨ ਪੁਲੀਸ ਦਾ ਰਾਹ ਡੱਕ ਲਿਆ।
ਇਸ ਦੇ ਜਵਾਬ ਵਿੱਚ ਸੋਲਨ ਪੁਲੀਸ ਦਾ ਕਹਿਣਾ ਸੀ ਕਿ ਮਾਮਲਾ ਸੋਲਨ ਦਾ ਹੈ ਤੇ ਪੋਸਟਮਾਰਟਮ ਵੀ ਉਥੇ ਹੀ ਹੋਵੇਗਾ। ਇਸ ਦਾ ਲੜਕੀ ਦੇ ਮਾਪਿਆਂ ਨੇ ਤਿੱਖਾ ਵਿਰੋਧ ਕਰਦਿਆਂ ਆਪਣੀ ਬੇਟੀ ਦੀ ਮੌਤ ਸਬੰਧੀ ਕਈ ਸ਼ੰਕੇ ਪ੍ਰਗਟ ਕੀਤੇ। ਪੇਕੇ ਪਰਿਵਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਤਮੰਨਾ ਨੂੰ ਸੁਹਰੇ ਪਰਿਵਾਰ ਨੇ ਕਥਿਤ ਜ਼ਹਿਰ ਦੇ ਕੇ ਮਾਰਿਆ ਹੈ। ਉਨ੍ਹਾਂ ਮੰਗ ਕੀਤੀ ਕਿ ਤਮੰਨਾ ਦਾ ਮੁਹਾਲੀ ਜਾਂ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾਵੇ ਕਿਉਂਕਿ ਲੜਕੀ ਦਾ ਸੁਹਰਾ ਪਰਿਵਾਰ ਉੱਚ ਪਹੁੰਚ ਵਾਲਾ ਹੈ। ਲੜਕੀ ਦੇ ਪਿਤਾ ਵਿਨੋਦ ਅਗਰਵਾਲ ਅਤੇ ਹੋਰਨਾਂ ਨੇ ਇਹ ਦੋਸ਼ ਵੀ ਲਾਇਆ ਕਿ ਸੋਲਨ ਪੁਲੀਸ ਤਮੰਨਾ ਦੇ ਸੁਹਰੇ ਪਰਿਵਾਰ ਨਾਲ ਮਿਲੀ ਹੋਈ ਹੈ।
ਕਾਫੀ ਬਹਿਸ ਤੋਂ ਬਾਅਦ ਸੋਲਨ ਪੁਲੀਸ ਪੋਸਟਮਾਰਟਮ ਮੁਹਾਲੀ ਵਿੱਚ ਕਰਵਾਉਣ ਲਈ ਰਾਜ਼ੀ ਹੋ ਗਈ ਤੇ ਪੇਕੇ ਪਰਿਵਾਰ ਦੀ ਮੰਗ ’ਤੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਤਮੰਨਾ ਦੀ ਲਾਸ਼ ਉਸ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ, ਜੋ ਲਾਸ਼ ਲੈ ਕੇ ਮੰਡੀ ਗੋਬਿੰਦਗੜ੍ਹ ਲਈ ਰਵਾਨਾ ਹੋ ਗਏ, ਜਿਥੇ ਵੀਰਵਾਰ ਨੂੰ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਤਮੰਨਾ ਦਾ ਸੁਹਰਾ ਪਰਿਵਾਰ ਸਾਰਿਆਂ ਨੂੰ ਝਕਾਨੀ ਦੇ ਕੇ ਹਸਪਤਾਲ ’ਚੋਂ ਫਰਾਰ ਹੋ ਗਿਆ। ਮ੍ਰਿਤਕਾ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿਛਲੇ ਸਾਲ 26 ਅਪਰੈਲ ਨੂੰ ਤਮੰਨਾ ਦਾ ਵਿਆਹ ਸੋਲਨ ਵਿੱਚ ਰਾਹੁਲ ਗੋਇਲ ਨਾਲ ਹੋਇਆ ਸੀ ਅਤੇ ਕੁੱਝ ਦਿਨਾਂ ਬਾਅਦ ਹੀ ਸੁਹਰੇ ਪਰਿਵਾਰ ਨੇ ਲੜਕੀ ਨੂੰ ਕਥਿਤ ਤੌਰ ’ਤੇ ਹੋਰ ਦਹੇਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਲੜਕੀ ਨਾਲ ਕੁੱਟਮਾਰ ਕੀਤੇ ਜਾਣ ਦੇ ਦੋਸ਼ ਵੀ ਲਾਏ। ਸ੍ਰੀ ਅਗਰਵਾਲ ਨੇ ਦੱਸਿਆ ਕਿ ਬੀਤੀ 24 ਜਨਵਰੀ ਨੂੰ ਤਮੰਨਾ ਨੇ ਫੋਨ ਕਰਕੇ ਦੱਸਿਆ ਸੀ ਕਿ ਉਹ ਸੁਹਰੇ ਘਰ ਬਹੁਤ ਤੰਗ ਹੈ। ਅਗਲੇ ਦਿਨ ਉਨ੍ਹਾਂ ਸਵੇਰੇ ਲੜਕੀ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਉਸ ਦਾ ਮੋਬਾਈਲ ਫੋਨ ਬੰਦ ਸੀ। ਸੁਹਰੇ ਪਰਿਵਾਰ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਕਰਵਾਈ ਅਤੇ ਇਹੀੋ ਕਹਿੰਦੇ ਰਹੇ ਕਿ ਤਮੰਨਾ ਦੀ ਤਬੀਅਤ ਠੀਕ ਨਹੀਂ ਹੈ। ਉਨ੍ਹਾਂ ਰਾਤ ਨੂੰ ਕਰੀਬ ਢਾਈ ਵਜੇ ਦੱਸਿਆ ਗਿਆ ਕਿ ਤਮੰਨਾ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਹੈ ਤੇ ਉਥੇ ਉਸ ਦੀ ਮੌਤ ਹੋ ਗਈ।
ਉਧਰ, ਸੋਲਨ ਪੁਲੀਸ ਦੇ ਏਐਸਆਈ ਰਾਕੇਸ਼ ਗੁਲੇਰੀਆ ਦਾ ਕਹਿਣਾ ਹੈ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ      ਹੈ। ਉਨ੍ਹਾਂ ਤਮੰਨਾ ਦੇ ਮਾਪਿਆਂ ਤੇ    ਹੋਰਨਾਂ ਰਿਸ਼ਤੇਦਾਰਾਂ ਅਤੇ ਸਹੁਰਾ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

T & T Honda