You are here: Home / featured / ਕਲੋਨੀ ਵਾਸੀਆਂ ਵੱਲੋਂ ਕੌਂਸਲ ਪ੍ਰਧਾਨ ਦੇ ਘਰ ਅੱਗੇ ਧਰਨਾ
ਕਲੋਨੀ ਵਾਸੀਆਂ ਵੱਲੋਂ ਕੌਂਸਲ ਪ੍ਰਧਾਨ ਦੇ ਘਰ ਅੱਗੇ ਧਰਨਾ

ਕਲੋਨੀ ਵਾਸੀਆਂ ਵੱਲੋਂ ਕੌਂਸਲ ਪ੍ਰਧਾਨ ਦੇ ਘਰ ਅੱਗੇ ਧਰਨਾ

ਇੱਥੋਂ ਦੇ ਵਾਰਡ ਨੰ. 18 ਦੀ ਸਿੰਗਲਾ ਕਲੋਨੀ ਵਿੱਚ ਠੇਕੇਦਾਰ ਵੱਲੋਂ ਰੋਕੇ ਗਏ ਸੀਵਰੇਜ ਪਾਉਣ ਦੇ ਕੰਮ ਨੂੰ ਮੁੜ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਕਲੋਨੀ ਵਾਸੀਆਂ ਵੱਲੋਂ ਟਾਊਨ ਦੇ ਟਾਹਲੀ ਵਾਲਾ ਚੌਕ ਵਿੱਚ ਸੜਕ ਜਾਮ ਕਰਨ ਮਗਰੋਂ ਨਗਰ ਕੌਂਸਲ ਪ੍ਰਧਾਨ ਦੀ ਰਿਹਾਇਸ਼ ਮੂਹਰੇ ਰੋਸ ਧਰਨਾ ਦਿੱਤਾ ਗਿਆ। ਨਗਰ ਕੌਂਸਲ ਪ੍ਰਧਾਨ ਪ੍ਰਵੀਨ ਛਾਬੜਾ ਦੀ ਰਿਹਾਇਸ਼ ਮੂਹਰੇ ਰੋਸ ਧਰਨਾ ਦੇ ਰਹੇ ਸਿੰਗਲਾ ਕਲੋਨੀ ਵਾਸੀਆਂ ਦੀ ਅਗਵਾਈ ਕਰਦੇ ਜਰਨੈਲ ਸਿੰਘ, ਸੰਜੈ ਕੁਮਾਰ, ਮਾਇਆ ਦੇਵੀ, ਲਖਵਿੰਦਰ ਸਿੰਘ, ਨਰੇਸ਼ , ਸੰਦੀਪ ਕੁਮਾਰ ਸਮੇਤ ਹੋਰਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕਲੋਨੀ ਵਿੱਚ ਲੰਮੇ ਅਰਸੇ ਤੋਂ ਸੀਵਰੇਜ ਨਾ ਹੋਣ ਕਾਰਨ ਲੋਕ ਮੁਸ਼ਕਲਾਂ ਨਾਲ ਜੂਝ ਰਹੇ ਹਨ। ਨਗਰ ਕੌਂਸਲ ਵੱਲੋਂ ਹੁਣ ਕੁਝ ਦਿਨ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਕਲੋਨੀ ਵਿੱਚ ਸੀਵਰੇਜ ਪਾਉਣ ਲਈ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ। ਜਿਸ ਨੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਪਰ ਹੁਣ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਮਗਰੋਂ ਅਚਾਨਕ ਠੇਕੇਦਾਰ ਸੀਵਰੇਜ ਪਾਉਣ ਦਾ ਕੰਮ ਬੰਦ ਕਰਕੇ ਆਪਣੀ ਮਸ਼ੀਨਰੀ ਸਮੇਟ ਕੇ ਕਿਧਰੇ ਚਲੇ ਗਿਆ। ਇਸ ਕਾਰਨ ਕਲੋਨੀ ਵਾਸੀਆਂ ਵਿੱਚ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਖਿਲਾਫ਼ ਰੋਸ ਹੈ। ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿੰਗਲਾ ਕਲੋਨੀ ਸਮੇਤ ਹੋਰਨਾਂ ਨੇੜਲੀ ਕਲੋਨੀਆਂ ਵਿੱਚ ਸੀਵਰੇਜ ਪਾਉਣ ਲਈ ਕਰੀਬ ਇੱਕ ਕਰੋੜ ਰੁਪਏ ਦਾ ਪ੍ਰਾਜੈਕਟ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਪਾਸੋਂ ਪਾਸ ਕਰਵਾਇਆ ਸੀ। ਜਿਸ ਦੇ ਪਹਿਲੇ ਫੇਜ਼ ਵਜੋਂ ਸਿੰਗਲਾ ਕਲੋਨੀ ਨੂੰ ਸੀਵਰੇਜ ਪਾਉਣ ਲਈ 50 ਲੱਖ ਰੁਪਏ ਦੇ ਖਰਚੇ ਵਾਲਾ ਟੈਂਡਰ ਹੋ ਚੁੱਕਿਆ ਹੈ ਪਰ ਗਊਸ਼ਾਲਾ ਰੋਡ ਦੇ ਵਸਨੀਕ ਉਨ੍ਹਾਂ ਦੇ ਰਿਹਾਇਸ਼ੀ ਘਰਾਂ ਮੂਹਰੇ ਸੀਵਰੇਜ ਪਾਉਣ ਲਈ 18 ਫੁੱਟ ਡੂੰਘੀ ਖਾਈ ਪੁੱਟਣ ਤੋਂ ਆਪਣੇ ਘਰਾਂ ਲਈ ਖਤਰੇ ਦਾ ਖਦਸ਼ਾ ਪ੍ਰਗਟ ਕਰਦੇ ਇਤਰਾਜ਼ ਪ੍ਰਗਟਾ ਰਹੇ ਹਨ। ਇਸ ਕਾਰਨ ਠੇਕੇਦਾਰ ਨੇ ਕੰਮ ਬੰਦ ਕਰ ਦਿੱਤਾ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਿੰਗਲਾ ਕਲੋਨੀ ਅਤੇ ਗਊਸ਼ਾਲਾ ਰੋਡ ਵਾਸੀਆਂ ਨਾਲ ਮੀਟਿੰਗ ਕਰਕੇ ਇਸ ਮਾਮਲੇ ਦਾ ਹੱਲ ਲੱਭਿਆ ਜਾਵੇਗਾ। ਇਸ ’ਤੇ ਧਰਨਾਕਾਰੀਆਂ ਨੇ ਕੌਂਸਲ ਪ੍ਰਧਾਨ ਦੇ ਘਰ ਮੂਹਰੇ ਤੋਂ ਰੋਸ ਧਰਨਾ ਚੁੱਕ ਦਿੱਤਾ।

T & T Honda