Saturday , 19 August 2017
You are here: Home / featured / ਨਾਲਿਆਂ ਦੀ ਸਫ਼ਾਈ ’ਤੇ 30 ਕਰੋੜ ਖ਼ਰਚੇਗਾ ਗਮਾਡਾ
ਨਾਲਿਆਂ ਦੀ ਸਫ਼ਾਈ ’ਤੇ 30 ਕਰੋੜ ਖ਼ਰਚੇਗਾ ਗਮਾਡਾ

ਨਾਲਿਆਂ ਦੀ ਸਫ਼ਾਈ ’ਤੇ 30 ਕਰੋੜ ਖ਼ਰਚੇਗਾ ਗਮਾਡਾ

ਗਰੇਟਰ ਮੁਹਾਲੀ ਏਰੀਆ ਵਿਕਾਸ (ਗਮਾਡਾ) ਵੱਲੋਂ ਸੰਭਾਵੀ ਹੜ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਦੇ ਮੰਤਵ ਨਾਲ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ। ਇਸ ਪ੍ਰਾਜੈਕਟ ’ਤੇ ਕਰੀਬ 30 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਕੇ ਮੁਹਾਲੀ ਸ਼ਹਿਰੀ ਖੇਤਰ ਦੇ ਨੇੜਿਓਂ ਲੰਘਦੇ ਕੁਦਰਤੀ ਨਦੀਆਂ ਤੇ ਨਾਲਿਆਂ ਦੀ ਸਾਫ਼ ਸਫ਼ਾਈ ਕਰਵਾਈ ਜਾਵੇਗੀ। ਇਸ ਗੱਲ ਦੀ ਪੁਸ਼ਟੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਰੁਣ ਰੂਜ਼ਮ ਨੇ ਕੀਤੀ। ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਪਟਿਆਲਾ ਕੀ ਰਾਓ, ਜਗਤਪੁਰਾ, ਲਖਨੌਰ ਅਤੇ ਲਈਅਰ ਵੈਲੀ ਤੇ ਪੀਸੀਏ ਨੇੜਿਓਂ ਸ਼ਹਿਰ ਦੀ ਸੰਘਣੀ ਆਬਾਦੀ ਵਿੱਚੋਂ ਗੰਦੇ ਪਾਣੀ ਦੇ ਨਾਲੇ ਲੰਘਦੇ ਹਨ। ਜਿਨ੍ਹਾਂ ਵਿੱਚ ਚੰਡੀਗੜ੍ਹ ਸਮੇਤ ਮੁਹਾਲੀ ਤੇ ਨੇੜਲੇ ਪਿੰਡਾਂ ਦਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੂੰ ਇਨ੍ਹਾਂ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕੁੱਝ ਸਮਾਂ ਪਹਿਲਾਂ ਗੰਦੇ ਪਾਣੀ ਦੇ ਨਾਲਿਆਂ ਨੂੰ ਚੈਨਲਾਈਜ ਕਰਨ ਦੀ ਯੋਜਨਾ ਉਲੀਕੀ ਗਈ ਸੀ ਪਰ ਬਾਅਦ ਵਿੱਚ ਇਹ ਯੋਜਨਾ ਠੰਢੇ ਬਸਤੇ ਵਿੱਚ ਪੈ ਗਈ।     ਸ੍ਰੀ ਰੂਜ਼ਮ ਦੱਸਿਆ ਕਿ ਕਰੀਬ 190 ਏਕੜ ਜ਼ਮੀਨ ਵਿੱਚੋਂ ਗੰਦੇ ਪਾਣੀ ਦੇ ਦੋ ਨਾਲੇ ਆਈਟੀ ਸਿਟੀ ’ਚੋਂ ਹੋ ਕੇ ਅੱਗੇ ਲੰਘਦੇ ਹਨ। ਇਸ ਜ਼ਮੀਨ ਦੀ ਕੀਮਤ 500 ਕਰੋੜ ਰੁਪਏ ਬਣਦੀ ਹੈ। ਇਹ ਨਾਲੇ ਜਗਤਪੁਰਾ ਸਮੇਤ ਫੇਜ਼-9, ਪੀਸੀਏ ਸਟੇਡੀਅਮ ਅਤੇ ਸੈਕਟਰ-67 ਅਤੇ ਸਨਅਤੀ ਏਰੀਆ ਫੇਜ਼-9 ਦੀ ਆਬਾਦੀ ਕੋਲੋਂ ਲੰਘਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਲਿਆਂ ਨੂੰ ਤਕਨੀਕੀ ਤੌਰ ’ਤੇ ਸਿੱਧਾ ਕਰਕੇ ਚੈਨਲਾਈਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਨਾਲੇ ਇੱਕ ਦਿਸ਼ਾ ਵਿੱਚ ਨਾ ਹੋਣ ਕਾਰਨ ਬਹੁ ਕਰੋੜੀ ਜ਼ਮੀਨ ਨਸ਼ਟ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤੋਂ ਮਿਲਣ ਵਾਲੇ ਪੈਸਿਆਂ ਨਾਲ ਵਿਕਾਸ ਪੱਖੋਂ ਸ਼ਹਿਰ ਦੀ ਨੁਹਾਰ ਬਦਲੀ ਜਾ ਸਕਦੀ ਹੈ ਅਤੇ ਨਵ ਨਿਰਮਾਣ ਅਧੀਨ ਸੈਕਟਰਾਂ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਪਿੱਛੇ ਜਿਹੇ ਹੋਏ ਦੋ ਪੰਜਾਬ ਪ੍ਰੋਗੈਸਿਵ ਨਿਵੇਸ ਸੰਮੇਲਨ ਦੌਰਾਨ ਦੇਸ਼ ਵਿਦੇਸ਼ ਦੀਆਂ ਨਾਮੀ ਕੰਪਨੀਆਂ ਨੇ ਮੁਹਾਲੀ ਵਿੱਚ ਨਿਵੇਸ਼ ਕਰਨ ਲਈ ਸਰਕਾਰ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਸੀ ਅਤੇ ਗਮਾਡਾ ਵੱਲੋਂ ਸਬੰਧਤ ਕੰਪਨੀਆਂ ਨੂੰ ਲੋੜੀਂਦੀ ਜ਼ਮੀਨ ਅਲਾਟ ਕੀਤੀ ਜਾ ਚੁੱਕੀ ਹੈ ਅਤੇ ਕਈ ਨਾਮੀ ਕੰਪਨੀਆਂ ਨੇ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਹੈ। ਗਮਾਡਾ ਅਧਿਕਾਰੀਆਂ ਦੇ ਦੱਸਣ ਮੁਤਾਬਕ ਅਗਲੇ ਇੱਕ ਸਾਲ ਤੱਕ ਕਈ ਕੰਪਨੀਆਂ ਦਾ ਕੰਮ ਸ਼ੁਰੂ ਹੋ ਜਾਵੇਗਾ।

T & T Honda