Saturday , 19 August 2017
You are here: Home / featured / ਇੰਨਾਂ ਰਾਜਾਂ ‘ਚ ਐਤਵਾਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
ਇੰਨਾਂ ਰਾਜਾਂ ‘ਚ ਐਤਵਾਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ

ਇੰਨਾਂ ਰਾਜਾਂ ‘ਚ ਐਤਵਾਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ

ਦੇਸ਼ ਦੇ ਅੱਠ ਸੂਬਿਆਂ ‘ਚ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ। ਇਸ ਦੀ ਸ਼ੁਰੂਆਤ 14 ਮਈ ਤੋਂ ਹੋਵੇਗੀ। ਪੈਟਰੋਲ ਪੰਪ ਮਾਲਕਾਂ ਦੀ ਇਕ ਸੰਸਥਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਲ ਬਚਾਉਣ ਦਾ ਸੱਦਾ ਦਿੱਤੇ ਜਾਣ ‘ਤੇ ਇਹ ਫ਼ੈਸਲਾ ਕੀਤਾ ਗਿਆ।

ਕੰਸੋਰਟੀਅਮ ਆਫ਼ ਇੰਡੀਅਨ ਪੈਟਰੋਲੀਅਮ ਡੀਲਰਜ਼ ਦੇ ਐਗਜ਼ੈਕਟਿਵ ਕਮੇਟੀ ਮੈਂਬਰ ਸੁਰੇਸ਼ ਕੁਮਾਰ ਨੇ ਕਿਹਾ ਕਿ ਅਸੀਂ ਕੁਝ ਸਾਲ ਪਹਿਲਾਂ ਐਤਵਾਰ ਨੂੰ ਆਪਣੇ ਰਿਟੇਲ ਆਊਟਲੈਟ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ ਪਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਾਨੂੰ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਹਿ ਦਿੱਤਾ। ਹੁਣ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖੇ ਜਾਣਗੇ।

ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਇਹ ਫ਼ੈਸਲਾ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ‘ਚ ਵਾਤਾਵਰਨ ਸੰਭਾਲ ਲਈ ਈਂਧਨ ਬਚਾਉਣ ਦੇ ਸੱਦੇ ਦੇ ਬਾਅਦ ਕੀਤਾ ਗਿਆ। ਤਾਮਿਲਨਾਡੂੁ, ਕੇਰਲ, ਕਰਨਾਟਕ, ਪੁੱਡੂਚੇਰੀ, ਆਂਧਰ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ ਅਤੇ ਹਰਿਆਣਾ ‘ਚ ਕਰੀਬ 20 ਹਜ਼ਾਰ ਪੈਟਰੋਲ ਪੰਪ ਹਰ ਐਤਵਾਰ ਨੂੰ 24 ਘੰਟੇ ਲਈ ਬੰਦ ਰਹਿਣਗੇ।

ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਬੰਦ ਰੱਖਣ ਨਾਲ ਸਿਰਫ ਤਾਮਿਲਨਾਡੂ ‘ਚ 150 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਕੁਮਾਰ ਨੇ ਕਿਹਾ ਕਿ ਸਾਧਾਰਨ ਹਾਲਤ ‘ਚ ਇਕ ਪੈਟਰੋਲ ਪੰਪ ‘ਤੇ 15 ਕਰਮਚਾਰੀ ਹੁੰਦੇ ਹਨ ਪਰ ਛੁੱਟੀ ਦੇ ਦਿਨ ਇੱਥੇ ਇਕ ਕਰਮਚਾਰੀ ਮੌਜੂਦ ਰਹੇਗਾ ਜਿਹੜਾ ਐਮਰਜੈਂਸੀ ਹਾਲਤ ਵਿਚ ਪੈਟਰੋਲ-ਡੀਜ਼ਲ ਦੇਵੇਗਾ।

ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ ਪੰਪ ਡੀਲਰਜ਼ ਦਾ ਮਾਰਜਿਨ ਵਧਾਉਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਇਸ ਮੁੱਦੇ ‘ਤੇ ਹਾਲੇ ਚਰਚਾ ਕਰ ਰਹੀ ਹੈ ਅਤੇ ਛੇਤੀ ਹੀ ਇਸ ਸਬੰਧੀ ਐਲਾਨ ਕੀਤਾ ਜਾਏਗਾ। ਹਾਲੇ ਸੰਘਰਸ਼ ਜਾਰੀ ਹੈ। ਅਸੀਂ ਛੇਤੀ ਹੀ ਆਪਣੇ ਮੈਂਬਰਾਂ ਦੇ ਨਾਲ ਇਕ ਬੈਠਕ ਕਰਾਂਗੇ ਅਤੇ ਅਸੀਂ ਆਪਣੀ ਅੱਗੇ ਦੀ ਰਣਨੀਤੀ ਦਾ ਛੇਤੀ ਐਲਾਨ ਕਰਾਂਗੇ।

T & T Honda