Saturday , 19 August 2017
You are here: Home / featured / ਪੰਜਾਬ ’ਵਰਸਿਟੀ ਦੇ ਦਿਹਾੜੀਦਾਰਾਂ ’ਤੇ ਲਟਕੀ ਛਾਂਟੀ ਦੀ ਤਲਵਾਰ
ਪੰਜਾਬ ’ਵਰਸਿਟੀ ਦੇ ਦਿਹਾੜੀਦਾਰਾਂ ’ਤੇ ਲਟਕੀ ਛਾਂਟੀ ਦੀ ਤਲਵਾਰ

ਪੰਜਾਬ ’ਵਰਸਿਟੀ ਦੇ ਦਿਹਾੜੀਦਾਰਾਂ ’ਤੇ ਲਟਕੀ ਛਾਂਟੀ ਦੀ ਤਲਵਾਰ

ਪੰਜਾਬ ਯੂਨੀਵਰਸਿਟੀ ’ਚ ਵਿੱਤੀ ਸੰਕਟ ਦੇ ਚੱਲਦਿਆਂ ਪੰਜ ਸੌ ਤੋਂ ਵੱਧ ਦਿਹਾੜੀਦਾਰ ਮੁਲਾਜ਼ਮਾਂ ਦੀ ਨੌਕਰੀ ਖ਼ਤਰੇ ਵਿੱਚ ਹੈ। ਯੂਨੀਵਰਸਿਟੀ ਨੇ ਇਨ੍ਹਾਂ ਦੀ ਨਿਯੁਕਤੀ ਦੀ ਮਿਆਦ ’ਚ ਇੱਕ ਇੱਕ ਮਹੀਨੇ ਦਾ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਂਪਸ ’ਚ ਕੰਮ ਕਰਦੇ ਤਿੰਨ ਹਜ਼ਾਰ ਮੁਲਾਜ਼ਮਾਂ ’ਚੋਂ ਪੰਜ ਸੌ ਤੋਂ ਵੱਧ ਦਿਹਾੜੀ ’ਤੇ ਕੰਮ ਕਰ ਰਹੇ ਹਨ।
ਯੂਨੀਵਰਸਿਟੀ ’ਚ ਪੰਜ ਸਾਲਾਂ ਤੋਂ ਨਾਨ ਟੀਚਿੰਗ ਸਟਾਫ਼ ਦੀ  ਰੈਗੂਲਰ ਭਰਤੀ ਨਹੀਂ ਕੀਤੀ ਗਈ। ਪਿਛਲੀ ਵਾਰ 2012 ਵਿੱਚ ਵੀ ਕੇਵਲ 308 ਰੈਗੂਲਰ ਕਲਰਕ ਹੀ ਭਰਤੀ ਕੀਤੇ ਗਏ ਸਨ। ਇਹੋ ਵਜ੍ਹਾ ਹੈ ਕਿ ਪ੍ਰਸ਼ਾਸਨਿਕ ਬਲਾਕ ਵਿੱਚ ਤਿੰਨ ਤਿੰਨ ਸੀਟਾਂ ’ਤੇ ਇੱਕ ਇੱਕ ਮੁਲਾਜ਼ਮ ਕੰਮ ਕਰ ਰਿਹਾ ਹੈ। ਦੂਜੇ ਬੰਨੇ ਕੇਂਦਰ ਤੋਂ ਵਿੱਤੀ ਗ੍ਰਾਂਟ ਨਾ ਸ਼ੁਰੂ ਹੋਣ ਦੀ ਸੂਰਤ ਵਿੱਚ ਯੂਨੀਵਰਸਿਟੀ ਦਿਹਾੜੀਦਾਰ ਮੁਲਾਜ਼ਮਾਂ ਦੇ ਕੰਟਰੈਕਟ ’ਚ ਵਾਧਾ ਨਾ ਕਰਨ ਬਾਰੇ ਸੋਚਣ ਲੱਗ ਪਈ ਹੈ। ਦਿਹਾੜੀਦਾਰ ਮੁਲਾਜ਼ਮ ਕਈ ਸਾਲ ਪਹਿਲਾਂ ਤਾਇਨਾਤ ਕੀਤੇ ਗਏ ਸਨ ਤੇ ਇਨ੍ਹਾਂ ਦੀ ਨਿਯੁਕਤੀ ਦੀ ਮਿਆਦ ਵਿੱਚ ਤਿੰਨ ਤੋਂ ਛੇ ਮਹੀਨੇ ਦਾ ਵਾਧਾ ਕੀਤਾ ਜਾਂਦਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦਿਹਾੜੀਦਾਰਾਂ ਨੂੰ ਸਿਰਫ਼ ਇੱਕ ਮਹੀਨੇ ਦੀ ਐਕਸਟੈਨਸ਼ਨ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਨਾਨ ਟੀਚਿੰਗ ਫੈਡਰੇਸ਼ਨ  ਵਿੱਤੀ ਗ੍ਰਾਂਟ ਨੂੰ ਲੈ ਕੇ ਚੱਲ ਰਹੇ ਪੂਟਾ ਦੇ ਸੰਘਰਸ਼ ਤੋਂ ਵੀ ਇਸੇ ਕਰਕੇ ਦੂਰੀ ਬਨਾਉਣ ਲੱਗੀ ਹੈ ਤੇ ਦਿਹਾੜੀਦਾਰਾਂ ਦੀ ਖ਼ਾਤਿਰ ਕਿਸੇ ਤਰ੍ਹਾਂ ਦੀ ਅਧਿਕਾਰੀਆਂ ਦੀ ਨਰਾਜ਼ਗੀ ਨਹੀਂ ਲੈ ਰਹੀ। ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਕੌਸ਼ਿਕ ਨੇ ਕਿਹਾ ਹੈ ਕਿ ਹਾਲ ਦੀ ਘੜੀ ਅਹੁਦੇਦਾਰ ਮਈ ਦਿਵਸ ਦੀਆਂ ਤਿਆਰੀਆਂ ’ਚ ਰੁੱਝੇ ਹਨ ਜਿਸ ਕਰਕੇ ਹਾਲ ਦੀ ਘੜੀ ਪੂਟਾ ਦੇ ਧਰਨੇ ’ਚ ਸ਼ਮੂਲੀਅਤ ਨਹੀਂ ਕੀਤੀ ਜਾ ਰਹੀ। ਇੱਕ ਹੋਰ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵੱਲੋਂ ਗ੍ਰਾਂਟ ਜਾਰੀ ਕਰਾਉਣ ਨੂੰ ਲੈ ਕੇ ਚਲਾਇਆ ਜਾ ਰਿਹਾ ਧਰਨਾ ਜਾਰੀ ਹੈ। ਪੂਟਾ ਦੀ ਪ੍ਰਧਾਨ ਪ੍ਰੋ. ਪਰੋਮਿਲਾ ਪਾਠਕ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ। ਮੀਟਿੰਗ ਦੌਰਾਨ ਅਗਲੀ ਰਣਨੀਤੀ ਉਲੀਕਣ ਲਈ 27 ਨੂੰ ਦੁਬਾਰਾ ਮੀਟਿੰਗ ਰੱਖੀ ਗਈ ਹੈ।

ਸਟੂਡੈਂਟਸ ਕੌਂਸਲ ਵੱਲੋਂ ਭੁੱਖ ਹੜਤਾਲ ਸ਼ੁਰੂ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਨੇ ਫ਼ੀਸ ਵਾਧਾ ਵਾਪਸ ਕਰਾਉਣ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕੌਂਸਲ ਦੇ ਪ੍ਰਧਾਨ ਨਿਸ਼ਾਂਤ ਕੌਸ਼ਲ ਤੇ ਸੰਯੁਕਤ ਸਕੱਤਰ ਅੱਜ ਤੋਂ ਭੁੱਖ ਹੜਤਾਲ ’ਤੇ ਬੈਠ ਗਏ ਹਨ। ਭੁੱਖ ਹੜਤਾਲੀਆਂ ਨੇ ਸੈਨੇਟ ਦੀ ਮੀਟਿੰਗ ਬੁਲਾਉਣ ਦੀ ਵੀ ਮੰਗ ਕੀਤੀ ਹੈ।  ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਤੇ ਸਟੂਡੈਂਟਸ ਫਰੰਟ ਨੇ ਸੰਘਰਸ਼ ਦੀ ਹਮਾਇਤ ਕਰ ਦਿੱਤੀ ਹੈ। ਇਸੇ ਦੌਰਾਨ ਕੌਂਸਲ ਦੇ ਪ੍ਰਧਾਨ ਨਿਸ਼ਾਂਤ ਕੌਸ਼ਲ ਤੇ ਮੀਤ ਪ੍ਰਧਾਨ ਅਵਨੀਤ ਕੌਰ ਦੀ ਅਗਵਾਈ ’ਚ ਇੱਕ ਵਫਦ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਹੈ। ਵਫਦ ਵਿੱਚ ਪੁਸੂ ਪ੍ਰਧਾਨ ਅਨੰਤ ਚੌਧਰੀ, ਐਸਐਫ ਪ੍ਰਧਾਨ ਨਵਲਦੀਪ, ਪੁਸੂ ਸੂਬਾ ਪ੍ਰਧਾਨ ਕਿਰਨ ਬੇਨੀਪਾਲ ਸ਼ਾਮਲ ਸਨ। ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਦਾ ਇੱਕ ਵਫ਼ਦ 20 ਅਪਰੈਲ ਨੂੰ ਕੇਂਦਰੀ ਮਨੁਖੀ ਸਰੋਤ ਮੰਤਰੀ ਪ੍ਰਕਾਸ਼ ਜਾਵੇੜਕਰ ਨੂੰ ਦਿੱਲੀ ’ਚ ਮਿਲੇਗਾ।

T & T Honda