Saturday , 19 August 2017
You are here: Home / featured / ਮੁਹਾਲੀ ਪ੍ਰਸ਼ਾਸਨ ਨੇ ਨਹੀਂ ਲਈ ਅਗਨੀ ਪੀੜਤ ਪਰਿਵਾਰਾਂ ਦੀ ਸਾਰ
ਮੁਹਾਲੀ ਪ੍ਰਸ਼ਾਸਨ ਨੇ ਨਹੀਂ ਲਈ ਅਗਨੀ ਪੀੜਤ ਪਰਿਵਾਰਾਂ ਦੀ ਸਾਰ

ਮੁਹਾਲੀ ਪ੍ਰਸ਼ਾਸਨ ਨੇ ਨਹੀਂ ਲਈ ਅਗਨੀ ਪੀੜਤ ਪਰਿਵਾਰਾਂ ਦੀ ਸਾਰ

ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਸਥਿਤ ਸ਼ਹੀਦ ਊਧਮ ਸਿੰਘ ਕਲੋਨੀ ਵਿੱਚ ਮੰਗਲਵਾਰ ਸ਼ਾਮ ਨੂੰ ਅਚਾਨਕ ਅੱਗ ਲੱਗਣ ਕਾਰਨ 25 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ। ਇਸ ਦੌਰਾਨ ਕਈ ਪਰਵਾਸੀ ਮਜ਼ਦੂਰ, ਬੱਚੇ ਤੇ ਔਰਤਾਂ ਵੀ ਝੁਲਸੇ ਗਏ ਸੀ। ਹਾਲਾਂਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ ਪ੍ਰੰਤੂ ਕਈ ਮਜ਼ਦੂਰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ। ਕਲੋਨੀ ਵਾਸੀ ਗੁੱਡੂ ਨੇ ਦੱਸਿਆ ਕਿ 22 ਮਈ ਨੂੰ ਉਸ ਦੀ ਭੈਣ ਦਾ ਵਿਆਹ ਸੀ ਪਰ ਭੈਣ ਦੇ ਹੱਥਾਂ ’ਤੇ ਸ਼ਗਨਾਂ ਦੀ ਮਹਿੰਦੀ ਲੱਗਣ ਤੋਂ ਪਹਿਲਾਂ ਹੀ ਵਿਆਹ ਵਾਲੇ ਕੱਪੜੇ, 40 ਹਜ਼ਾਰ ਰੁਪਏ ਦੀ ਨਗਦੀ ਅਤੇ ਹੋਰ ਜ਼ਰੂਰੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਪੀੜਤ ਕਲੋਨੀ ਵਾਸੀ ਸਿਰ ਤੋਂ ਛੱਤ ਖੁੱਸਣ ਕਾਰਨ ਸੜਕ ’ਤੇ ਆ ਗਏ ਹਨ। ਲੰਘੀ ਰਾਤ ਇਨ੍ਹਾਂ ਪਰਿਵਾਰਾਂ ਨੇ  ਏਅਰਪੋਰਟ ਸੜਕ ਦੇ ਕੰਢੇ ਬੈਠ ਕੇ ਕੱਟੀ ਅਤੇ ਅੱਜ ਧੁੱਪ ਤੋਂ ਬਚਣ ਲਈ ਸਰਵਿਸ ਰੋਡ ’ਤੇ ਟੈਂਟ ਲਗਾ ਕੇ ਦਿਨ ਕੱਟਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਜਾਂ ਕਿਸੇ ਸਿਆਸੀ ਆਗੂ ਨੇ ਪੀੜਤ ਪਰਿਵਾਰਾਂ ਦੀ ਸਾਰ ਨਹੀਂ ਲਈ। ਸ਼ਾਰਦਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਰੇਤਾ ਬਜ਼ਰੀ ਨਾ ਮਿਲਣ ਕਾਰਨ ਨਿਰਮਾਣ ਕਾਰਜ ਅਤੇ ਉਸਾਰੀ ਦਾ ਕੰਮ ਠੰਢਾ ਪਿਆ ਹੈ। ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚਲਦਾ ਸੀ ਲੇਕਿਨ ਹੁਣ ਸਿਰ ਤੋਂ ਛੱਤ ਵੀ ਖੁੱਸ ਗਈ ਹੈ।
ਉਧਰ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੀ ਪੀੜਤਾਂ ਨੂੰ ਫੌਰੀ ਰਾਹਤ ਪਹੁੰਚਾਉਣ ਦੀ ਬਜਾਏ ਪੜਤਾਲੀਆਂ ਰਿਪੋਰਟ ਨੂੰ ਉਡੀਕ ਰਹੇ ਹਨ। ਫੋਨ ’ਤੇ ਗੱਲ ਕਰਦਿਆਂ ਸ੍ਰੀਮਤੀ ਸਪਰਾ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੂੰ ਅਗਨੀ ਕਾਂਡ ਬਾਰੇ ਜਾਂਚ ਰਿਪੋਰਟ ਨਹੀਂ ਮਿਲੀ ਹੈ। ਰਿਪੋਰਟ ਮਿਲਣ ਤੋਂ ਬਾਅਦ ਹੀ ਪੀੜਤਾਂ ਦੀ ਮਦਦ ਲਈ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਅੱਜ ਦੂਜੇ ਦਿਨ ਵੀ ਆਪਣਾ ਦੁਖੜਾ ਸੁਣਾਉਂਦਿਆਂ ਪੀੜਤ ਲੋਕਾਂ ਦੀਆਂ ਅੱਖਾਂ ’ਚੋਂ ਅੱਥਰੂ ਵਹਿਣ ਲੱਗ ਪੈਂਦੇ ਸੀ। ਰੋਂਦੇ ਕੁਰਲਾਉਂਦੇ ਪਰਿਵਾਰ ਕਦੇ ਅਸਮਾਨ ਵੱਲ ਅਤੇ ਕਦੇ ਸੜ ਕੇ ਸੁਆਹ ਹੋਈਆਂ ਆਪਣੀਆਂ ਝੁੱਗੀਆਂ ਵੱਲ ਦੇਖ ਰਹੇ ਸੀ। ਅੱਗ ’ਚ ਬੱਚਿਆਂ ਦੀਆਂ ਸਕੂਲ ਦੀਆਂ ਕਾਪੀਆਂ ਕਿਤਾਬਾਂ ਵੀ ਸੜ ਗਈਆਂ ਹਨ।  ਰਾਜੂ ਉਰਫ਼ ਕੱਲੂਆਂ ਅਤੇ ਵਰਿੰਦਰ ਕੁਮਾਰ, ਓਮ ਪ੍ਰਕਾਸ਼, ਪ੍ਰੇਮ ਸੰਕਰ, ਨੰਦ ਕਿਸ਼ੋਰ, ਰਾਮ ਅਸ਼ੀਸ਼, ਅਮਰ ਨਾਥ ਅਤੇ ਗੋਪਾਲ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਛੇ ਵਜੇ ਕਲੋਨੀ ਵਿੱਚ ਭਿਆਨਕ ਅੱਗ ਲੱਗੀ ਸੀ ਲੇਕਿਨ ਹੁਣ ਤੱਕ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਨਹੀਂ ਬਹੁੜਿਆ। ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਨਾ ਸਹੀ ਕੋਈ ਅਧਿਕਾਰੀ ਜਾਂ ਆਗੂ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖ ਕੇ ਹੌਂਸਲਾ ਹੀ ਦੇ ਦਿੰਦਾ। ਉਹ ਏਨੇ ਹੀ ਸਬਰ ਕਰ ਲੈਂਦੇ ਪਰ ਅਫ਼ਸੋਸ ਸ਼ਾਇਦ ਪੀੜਤ ਪਰਿਵਾਰਾਂ ਦੀ ਚੀਸ ਕਿਸੇ ਨੂੰ ਸੁਣਾਈ ਨਹੀਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਲੋਨੀ ਦੇ ਨੇੜੇ ਹੀ ਗੈਸ ਏਜੰਸੀ ਦਾ ਗੁਦਾਮ ਹੈ। ਜਿੱਥੇ ਅਕਸਰ ਘਰੇਲੂ ਗੈਸ ਨਾਲ ਭਰੇ ਹੋਏ ਸਿਲੰਡਰ ਪਏ ਰਹਿੰਦੇ ਹਨ। ਜੇਕਰ ਗੋਦਾਮ ਤੱਕ ਪਹੁੰਚ ਜਾਂਦੀ ਤਾਂ ਬਹੁਤ ਵੱਡਾ ਦੁਖਾਂਤ ਵਾਪਰ ਸਕਦਾ ਸੀ।

ਪੀੜਤਾਂ ਲਈ ਲੰਗਰ ਲਾਇਆ

ਪੀੜਤਾਂ ਦੀ ਮਦਦ ਲਈ ਅੱਜ ਮੈਥਿਲੀ ਸੰਘ ਅਤੇ ਸ਼ਾਹੀ ਮਾਜਰਾ ਮੰਦਰ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਲਈ ਸਵੇਰ ਵੇਲੇ ਚਾਹ ਅਤੇ ਪਰੌਂਠਿਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਮੈਥਿਲੀ ਸੰਘ ਦੇ ਚੇਅਰਮੈਨ ਅਤੇ ਭਾਜਪਾ ਦੇ ਕੌਂਸਲਰ ਅਸ਼ੋਕ ਝਾਅ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਮੈਥਿਲੀ ਸੰਘ ਅਤੇ ਸ਼ਾਹੀ ਮਾਜਰਾ ਮੰਦਰ ਕਮੇਟੀ ਵੱਲੋਂ ਹੋਰ ਵੀ ਸਹਾਇਤਾ ਕੀਤਾ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਕੱਪੜੇ ਇਕੱਠੇ ਕੀਤੇ ਜਾ ਰਹੇ ਹਨ। ਮੈਥਲੀ ਸੰਘ ਦੇ ਪ੍ਰਧਾਨ ਸ਼ਸ਼ੀ ਭੂਸ਼ਨ ਝਾਅ ਅਤੇ ਮੰਦਰ ਕਮੇਟੀ ਦੇ ਪੰਡਿਤ ਇੰਦਰਮਣੀ ਤ੍ਰਿਪਾਠੀ, ਸ੍ਰੀ ਰਾਮ ਕੁਮਾਰ ਸ਼ਰਮਾ ਅਤੇ ਸ੍ਰੀ ਰਾਧਾ ਮੋਹਨ ਝਾਅ ਵੀ ਹਾਜ਼ਰ ਸਨ।

T & T Honda