Saturday , 19 August 2017
You are here: Home / featured / ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 86 ਉਮੀਦਵਾਰਾਂ ਨੇ ਕਾਗਜ਼ ਭਰੇ
ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 86 ਉਮੀਦਵਾਰਾਂ ਨੇ ਕਾਗਜ਼ ਭਰੇ

ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 86 ਉਮੀਦਵਾਰਾਂ ਨੇ ਕਾਗਜ਼ ਭਰੇ

ਚੰਡੀਗੜ੍ਹ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 28 ਮਈ ਨੂੰ ਹੋ ਰਹੀਆਂ ਚੋਣਾਂ ਲਈ ਅੱਜ ਕਾਗਜ਼ ਭਰਨ ਦੇ ਅਖੀਰਲੇ ਦਿਨ 86 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ। ਇਨ੍ਹਾਂ ਵਿਚੋਂ 55 ਉਮੀਦਵਾਰ ਪੰਚਾਇਤ ਸਮਿਤੀ ਅਤੇ 31 ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਖੜੇ ਹਨ।
ਇਸ ਦੌਰਾਨ ਪੰਚਾਇਤ ਸਮਿਤੀ ਲਈ ਧਨਾਸ ਤੋਂ ਕਰਮ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਧਨਾਸ ਤੋਂ ਹਰਭਜਨ ਸਿੰਘ ਅਤੇ ਬਹਿਲਾਣਾ ਤੋਂ ਸੰਤੋਸ਼ ਨਿਰਵਿਰੋਧ ਚੁਣੇ ਗਏ। ਪਿੰਡ ਖੁੱਡਾ ਅਲੀਸ਼ੇਰ ਤੋਂ ਐਸਸੀ ਵਿਮੈਨ ਦੀਆਂ ਰਾਖਵੀਆਂ ਸੀਟਾਂ ’ਤੇ ਜ਼ਿਲ੍ਹਾ ਪ੍ਰੀਸ਼ਦ ਲਈ ਗੁਰਮੀਤ ਕੌਰ, ਬਲਵਿੰਦਰ ਕੌਰ, ਸਰਵਜੀਤ ਕੌਰ ਤੇ ਰਣਧੀਰ ਕੌਰ ਅਤੇ ਪੰਚਾਇਤ ਸਮਿਤੀ ਲਈ ਰਣਬੀਰ ਕੌਰ, ਕੁਲਵਿੰਦਰ ਕੌਰ ਤੇ ਮਲਕੀਤ ਕੌਰ ਨੇ ਕਾਗਜ਼ ਭਰੇ ਹਨ। ਅੱਜ ਕਾਗਜ਼ ਭਰਨ ਦੀ ਪ੍ਰਕਿਰਿਆ ਖਤਮ ਹੋਣ ਦੇ ਨਾਲ ਹੀ ਦਿਹਾਤੀ ਖੇਤਰ ਦੀ ਸਿਆਸਤ ਭਖ ਗਈ ਹੈ। ਇਕ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੀਡਰਸ਼ਿਪ ਯੋਜਨਾ ਤਹਿਤ ਚੋਣਾਂ ਤੋਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਨੂੰ ਨਿਰਵਿਰੋਧ ਜਿਤਾਉਣ ਲਈ ਕਈ ਤਰ੍ਹਾਂ ਦੇ ਦਾਅਪੇਚ ਖੇਡ ਰਹੀ ਹੈ। ਭਾਜਪਾ ਦੀ ਇਕ ਵਿਸ਼ੇਸ਼ ਟੀਮ ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਜਿਤਾਉਣ ਲਈ ਕੰਮ ਕਰ ਰਹੀ ਹੈ। ਦੂਸਰੇ ਪਾਸੇ ਕਾਂਗਰਸ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਚੰਡੀਗੜ੍ਹ ਦੇ ਪ੍ਰਧਾਨ ਪ੍ਰਦੀਪ ਛਾਬੜਾ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ 12 ਪਿੰੰਡਾਂ ਵਿਚ ਮੀਟਿੰਗਾਂ ਕਰਕੇ ਆਪਣੇ ਕੇਡਰ  ਨੂੰ ਲਾਮਬੰਦ ਕਰ ਲਿਆ ਹੈ। ਸ੍ਰੀ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਬਾਂਸਲ ਅਤੇ ਛੇ ਕਾਂਗਰਸੀ ਸਰਪੰਚਾਂ ਅਤੇ ਕਈ ਸਾਬਕਾ ਸਰਪੰਚਾਂ ਸਮੇਤ 12 ਪਿੰਡਾਂ ਵਿਚ ਮੀਟਿੰਗਾਂ ਕਰਨ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ ਅਤੇ ਇਸ ਦੌਰਾਨ ਆਪਣੀ ਟੀਮ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਹੈ। ਸ੍ਰੀ ਛਾਬੜਾ ਨੇ ਦੱਸਿਆ ਕਿ ਸ੍ਰੀ ਬਾਂਸਲ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਚੋਣਾਂ ਲਈ ਹਾਈਕਮਾਂਡ ਨੇ ਪੀਆਰਓ ਨਿਯੁਕਤ ਕੀਤੇ ਹਨ ਅਤੇ ਪਿਛਲੇ ਦਿਨਾਂ ਤੋਂ ਉਹ ਮੱਧ ਪ੍ਰਦੇਸ਼ ਵਿਚ ਸਰਗਰਮ ਸਨ। ਹੁਣ ਉਹ ਵਾਪਸ ਆ ਗਏ ਹਨ ਅਤੇ ਜਲਦ ਹੀ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੰਪੇਨ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਵਾਰ ਚੋਣ ਕਮਿਸ਼ਨ ਵਲੋਂ ਪੰਚਾਇਤ ਸਮਿਤੀ ਦੀਆਂ 15 ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਰਾਖਵੇਂ ਕੀਤੇ ਹਲਕੇ ਵੀ ਚਰਚਾ ਦਾ ਵਿਸ਼ਾ ਬਣੇ ਪਏ ਹਨ। ਚੋਣ ਕਮਿਸ਼ਨ ਨੇ ਪੰਚਾਇਤ ਸਮਿਤੀ ਦੀਆਂ ਮੌਲੀਜੱਗਰਾ-1 ਤੇ ਮੌਲੀਜੱਗਰਾਂ-2 ਸੀਟਾਂ ਸਮੇਤ ਜ਼ਿਲ੍ਹਾ ਪ੍ਰੀਸ਼ਦ ਦੀ ਮੌਲੀ ਜੱਗਰਾਂ ਨਾਲ ਸਬੰਧਤ ਇਕਲੌਤੀ ਸੀਟ ਮਹਿਲਾਵਾਂ ਲਈ ਰਾਖਵੀਆਂ ਕਰ ਦਿੱਤੀਆਂ ਹਨ। ਇਸ ਤਰ੍ਹਾਂ ਪਿੰਡ ਖੁੱਡਾ ਅਲੀਸ਼ੇਰ ਦੀ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋਵੇ ਸੀਟਾਂ ਐਸਸੀ ਵਿਮੈਨ ਲਈ ਰਾਖਵੀਆਂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਪਿੰਡ ਬਹਿਲਾਣਾ ਦੀ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਕ-ਇਕ ਸੀਟ ਵੀ ਮਹਿਲਾਵਾਂ ਲਈ ਹੀ ਰਾਖਵੀਆਂ ਹਨ। ਪਿੰਡ ਦੜੂਆ ਦੀਆਂ ਪੰਚਾਇਤ ਸਮਿਤੀ ਦੀਆਂ ਦੋ ਸੀਟਾਂ ਵਿਚੋਂ ਇਕ ਸੀਟ ਮਹਿਲਾਵਾਂ ਲਈ ਰਿਜ਼ਰਵ ਕੀਤੀ ਗਈ ਹੈ। ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ ਅੱਠ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣ ਕਾਰਨ ਇਥੇ ਜ਼ਿਆਦਾਤਰ ਉਨ੍ਹਾਂ ਦੇ ਪਤੀ ਹੀ ਸਰਗਰਮ ਹਨ। ਕਾਗਜ਼ਾਂ ਦੀ ਛਾਣਬੀਣ 18 ਮਈ ਨੂੰ ਹੋਵੇਗੀ ਅਤੇ ਕਾਗਜ਼ ਵਾਪਸ ਲੈਣ ਦੀ ਆਖਰੀ ਮਿਤੀ 20 ਮਈ ਹੈ, ਇਸ ਲਈ 20 ਮਈ ਨੂੰ ਹੀ ਚੋਣਾਂ ਦੀ ਅਸਲ ਤਸਵੀਰ ਸਾਹਮਣੇ ਆਵੇਗੀ।

ਦੜੀਆ ਵਿੱਚ ਚਾਚਾ-ਭਤੀਜਾ ਭਿੜੇ

ਪਿੰਡ ਦੜੀਆ ਵਿਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਪਿਛਲੇ ਸਮੇਂ ਪੰਚਾਇਤ ਸਮਿਤੀ ਦੇ ਚੇਅਰਮੈਨ ਰਹੇ ਤੇ ਭਾਜਪਾ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਆਪਣੇ ਭਤੀਜੇ ਤੇ ਪਿੰਡ ਦੇ ਕਾਂਗਰਸੀ ਸਰਪੰਚ ਗੁਰਪ੍ਰੀਤ ਸਿੰਘ ਹੈਪੀ ਵਿਰੁੱਧ ਡਟ ਗਏ ਹਨ। ਇਸ ਸੀਟ ਤੋਂ ਦੇਵੀ ਰਾਮ ਧੀਮਾਨ, ਮਨਪ੍ਰੀਤ ਕੌਰ, ਸੁਨੀਲ ਕੁਮਾਰ ਗੁਪਤਾ ਅਤੇ ਹਰਪੇਜ ਸਿੰਘ ਵੀ ਖੜੇ ਹਨ। ਸ੍ਰੀ ਧੀਮਾਨ ਨੂੰ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਸਮਰਥਨ ਪ੍ਰਾਪਤ ਹੈ। ਦੜੀਆ ਵਿਚ ਜਿਲ੍ਹਾ ਪ੍ਰੀਸ਼ਦ ਦੀ ਇਕ ਅਤੇ ਪੰਚਾਇਤ ਸਮਿਤੀ ਦੀਆਂ ਦੋ ਸੀਟਾਂ ਲਈ ਸਮੂਹ ਹਲਕਿਆਂ ਤੋਂ ਵੱਧ 17 ਉਮੀਦਵਾਰ ਖੜੇ ਹਨ। ਪੰਚਾਇਤ ਸਮਿਤੀ ਦੀ ਦੋ ਸੀਟਾਂ ਉਪਰ ਬਲਵੰਤ ਸਿੰਘ ਸੈਣੀ, ਹਰਿੰਦਰ ਕੁਮਾਰ, ਸ਼ਾਰਦਾ ਪ੍ਰਸ਼ਾਦ, ਕਮਲਜੀਤ ਕੌਰ, ਅਰੁਣ ਕੁਮਾਰ ਸ਼ਰਮਾ, ਹਰੀਸ਼ ਚੰਦਰ ਸ਼ਰਮਾ, ਸ਼ਾਨੋ, ਦਰਸ਼ਨਾ ਦੇਵੀ, ਮਿਨਾਕਸ਼ੀ, ਲਲਿਤਾ ਦੇਵੀ ਤੇ ਪ੍ਰਮਜੀਤ ਕੌਰ ਚੋਣ ਲੜ ਰਹੇ ਹਨ।

T & T Honda