Saturday , 19 August 2017
You are here: Home / featured / ਜ਼ੀਰਕਪੁਰ ’ਚ ਮਨਜ਼ੂਰੀ ਤੋਂ ਵੱਧ ਠੇਕੇ ਖੋਲ੍ਹਣ ਦਾ ਦੋਸ਼
ਜ਼ੀਰਕਪੁਰ ’ਚ ਮਨਜ਼ੂਰੀ ਤੋਂ ਵੱਧ ਠੇਕੇ ਖੋਲ੍ਹਣ ਦਾ ਦੋਸ਼

ਜ਼ੀਰਕਪੁਰ ’ਚ ਮਨਜ਼ੂਰੀ ਤੋਂ ਵੱਧ ਠੇਕੇ ਖੋਲ੍ਹਣ ਦਾ ਦੋਸ਼

ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਅੱਜ ਇਕ ਪ੍ਰੈਸ ਕਾਨਫਰੰਸ ’ਚ ਠੇਕੇਦਾਰਾਂ ’ਤੇ ਜ਼ੀਰਕਪੁਰ ’ਚ ਮਨਜ਼ੂਰੀ ਤੋਂ ਵੱਧ ਠੇਕੇ ਖੋਲ੍ਹਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ’ਚ ਆਬਕਾਰੀ ਵਿਭਾਗ ਵੱਲੋਂ 25 ਠੇਕੇ ਅਲਾਟ ਕੀਤੇ ਗਏ ਹਨ ਪਰ ਉਨ੍ਹਾਂ ਵੱਲੋਂ ਇਥੇ 29 ਠੇਕੇ ਖੋਲ੍ਹੇ ਹੋਏ ਹਨ ਜਿਨ੍ਹਾਂ ਵਿੱਚ ਚਾਰ ਨਾਜਾਇਜ਼ ਹਨ। ਸ੍ਰੀ ਸ਼ਰਮਾ ਨੇ ਮੀਡੀਆ ਨੂੰ ਵਿਭਾਗ ਵੱਲੋਂ ਅਲਾਟ ਕੀਤੇ 25 ਠੇਕਿਆਂ ਦੀ ਜਾਰੀ ਸੂਚੀ ਦਿਖਾਉਣ ਮਗਰੋਂ ਜ਼ੀਰਕਪੁਰ ਵਿੱਚ ਖੁੱਲ੍ਹੇ 29 ਠੇਕਿਆਂ ਦੀ ਫੋਟੋਆਂ ਜਾਰੀ ਕੀਤੀਆਂ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਚਾਰ ਠੇਕੇ ਨਾਜਾਇਜ਼ ਚੱਲ ਰਹੇ ਹਨ ਜਿਨ੍ਹਾਂ ’ਚ ਲੋਹਗੜ੍ਹ ਦਾ ਵਿਵਾਦਿਤ ਠੇਕਾ ਵੀ ਸ਼ਾਮਲ ਹੈ ਜੋ ਇਸ ਵੇਲੇ ਬੰਦ ਹੈ। ਇਸ ਤੋਂ ਇਲਾਵਾ ਤਿੰਨ ਠੇਕਿਆਂ ’ਚ ਬਲਟਾਣਾ ਦੀ ਟ੍ਰਿਬਿਊਨ ਕਲੋਨੀ ਦੇ ਸਾਹਮਣੇ, ਪੰਚਕੂਲਾ ਸੜਕ ’ਤੇ ਸੇਖੋ ਬੈਂਕਟ ਦੇ ਨੇੜੇ ਤੇ ਢਕੋਲੀ ’ਚ ਆਸ਼ੀਆਨਾ ਹੋਮਸਜ਼ ਸੁਸਾਇਟੀ ਕੋਲ ਠੇਕਿਆਂ ’ਤੇ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ। ਦੋ ਠੇਕਿਆਂ ’ਤੇ ਬਿਨਾਂ ਠੇਕੇ ਦਾ ਬੋਰਡ ਲਾ ਕੇ ਸ਼ਰਾਬ ਵੇਚੀ ਜਾ ਰਹੀ ਹੈ। ਦੋ ਠੇਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਹਾਈਵੇਅ ਤੋਂ 500 ਮੀਟਰ ਦੇ ਦਾਇਰੇ ’ਚ ਖੁੱਲ੍ਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੋਹਗੜ੍ਹ ’ਚ ਦੋ ਠੇਕਿਆਂ ਦੀ ਮਨਜ਼ੂਰੀ ਹੈ ਜੋ ਪਹਿਲਾਂ ਹੀ ਵੀਆਈਪੀ ਰੋਡ ’ਤੇ ਖੁੱਲ੍ਹੇ ਹੋਏ ਹਨ ਪਰ ਸਿਗਮਾ ਚੌਕ ਵਿੱਚ ਨਾਜਾਇਜ਼ ਠੇਕਾ ਖੋਲ੍ਹਿਆ ਗਿਆ ਜਿਸ ਨੂੰ ਬੰਦ ਕਰਵਾਉਣ ਨੂੰ ਲੈ ਕੇ ਲੋਕਾਂ ਵੱਲੋਂ ਠੇਕੇ ਦੀ ਭੰਨਤੋੜ ਕੀਤੀ ਗਈ ਤੇ ਪੁਲੀਸ ਨੇ ਉਨ੍ਹਾਂ ਦੇ ਭਰਾਵਾਂ ਤੇ ਹੋਰਨਾਂ ਕੌਂਸਲਰਾਂ ’ਤੇ ਝੂਠਾ ਕੇਸ ਦਰਜ ਕੀਤਾ ਹੈ।

ਈਟੀਓ ਨੇ ਦੋਸ਼ ਨਕਾਰੇ
ਆਬਕਾਰੀ ਵਿਭਾਗ ਦੇ ਈਟੀਓ ਰਣਬੀਰ ਸਿੰਘ ਗਿੱਲ ਨੇ ਸ੍ਰੀ ਸ਼ਰਮਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਈ ਵਾਰ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਇਕ ਥਾਂ ਤੋਂ ਦੂਜੀ ਥਾਂ ’ਤੇ ਠੇਕੇ ਨੂੰ ਤਬਦੀਲ ਕਰਨ ਲਈ ਦੋ ਠੇਕਿਆਂ ਦੀ ਗਿਣਤੀ ਹੋ ਜਾਂਦੀ ਹੈ। ਮਾਮਲਾ ਧਿਆਨ ’ਚ ਆਉਣ ’ਤੇ ਬਾਹਰਲੇ ਇੰਸਪੈਕਟਰ ਤੋਂ ਠੇਕਿਆਂ ਦੀ ਮੁੜ ਗਿਣਤੀ ਕਰਵਾਉਣ ਦੀ ਉਨ੍ਹਾਂ ਗੱਲ ਆਖੀ ਤੇ 500 ਮੀਟਰ ਦੇ ਦਾਇਰੇ ’ਚ ਖੁੱਲ੍ਹੇ ਦੋ ਠੇਕਿਆਂ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ।  ਐਸਡੀਐਮ ਡਾ. ਰੂਹੀ ਦੁੱਗ ਨੇ ਕਿਹਾ ਕਿ ਆਬਕਾਰੀ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।

T & T Honda