You are here: Home / featured / ਲੁੱਟਾਂ-ਖੋਹਾਂ ਕਰ ਕੇ ਤੀਰਥ ਯਾਤਰਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਲੁੱਟਾਂ-ਖੋਹਾਂ ਕਰ ਕੇ ਤੀਰਥ ਯਾਤਰਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਲੁੱਟਾਂ-ਖੋਹਾਂ ਕਰ ਕੇ ਤੀਰਥ ਯਾਤਰਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ ਪੁਲੀਸ ਨੇ ਅੱੱਜ ਇਕ ਅਜਿਹੇ ਮੁਲਜ਼ਮ ਨੂੰ ਕਾਬੂ ਕੀਤੇ ਹੈ ਜੋ ਸ਼ਹਿਰ ’ਚ ਲੁੱਟਾਂ-ਖੋਹਾਂ ਕਰਕੇ ਤੀਰਥ ਯਾਤਰਾਵਾਂ ਕਰਨ ਦਾ ਸ਼ੌਕੀਨ ਸੀ। ਮੁਲਜ਼ਮ ਸ਼ਹਿਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਕੇ ਤੀਰਥ ਯਾਤਰਾਵਾਂ ਵਾਸਤੇ ਪੈਸੇ ਜੋੜਦਾ ਸੀ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਲੋਇਆ ਦੇ ਰਹਿਣ ਵਾਲੇ ਅਜੇ ਕੁਮਾਰ ਵਜੋਂ ਹੋਈ ਹੈ। ਪੁਲੀਸ ਮੁਤਾਬਕ ਮੁਲਜ਼ਮ ਨੂੰ ਨਸ਼ਾ ਕਰਨ ਦੀ ਲੱਤ ਵੀ ਹੈ।
ਅਜੇ ਕੁਮਾਰ ਨੇ ਬੀਤੇ ਕੱਲ੍ਹ ਹੀ ਲੁੱਟ-ਖੋਹ ਦੀਆਂ ਪੰਜ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਲੁੱਟ ਦੀਆਂ ਇਨ੍ਹਾਂ ਘਟਨਾਵਾਂ ਨੂੰ ਮੁਲਜ਼ਮ ਨੇ ਇਕ ਘੰਟੇ ਅੰਦਰ ਹੀ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਮੁਲਜ਼ਮ ਨੇ ਪਿਛਲੇ ਇਕ ਮਹੀਨੇ ’ਚ ਲੁੱਟ-ਖੋਹ ਦੀਆਂ ਲਗਪਗ ਅੱਠ ਵਾਰਦਾਤਾਂ ਕੀਤੀਆਂ ਹਨ। ਅਜੇ ਕੁਮਾਰ ਖ਼ਾਸ ਤੌਰ ’ਤੇ ਮਹਿਲਾਵਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਸੀ। ਪੁਲੀਸ ਨੇ ਮੁਲਜ਼ਮ ਨੂੰ ਅੱਜ ਮਲੋਇਆ ਬੱਸ ਸਟੈਂਡ ’ਤੋਂ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮੀ ਸੈਕਟਰ 39 ਦੇ ਪੁਲੀਸ ਸਟੇਸ਼ਨ ’ਚ ਲੁੱਟ-ਖੋਹ ਕਰਨ ਦੇ ਪੰਜ ਮਾਮਲੇ ਦਰਜ ਹੋਏ ਸਨ। ਇਨ੍ਹਾਂ ’ਚ ਪੰਜ ਮਹਿਲਾਵਾਂ ਤੋਂ ਮੁਲਜ਼ਮ ਪਰਸ ਖੋਹ ਕੇ ਫਰਾਰ ਹੋ ਗਿਆ ਸੀ। ਪਰਸ ’ਚ ਨਕਦੀ, ਮੋਬਾਈਲ ਫੋਨ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਪੁਲੀਸ ਨੇ ਮਾਮਲੇ ਦਰਜ ਕਰਨ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੱਜ ਮੁਲਜ਼ਮ ਪੁਲੀਸ ਦੇ ਹੱਥੀਂ ਚੜ੍ਹ ਗਿਆ।
ਪੁਲੀਸ ਨੇ ਮੁਲਜ਼ਮ ਕੋਲੋਂ 29,000 ਹਜ਼ਾਰ ਨਕਦੀ ਅਤੇ ਪੀੜਤਾਂ ਕੋਲੋਂ ਖੋਹਿਆ ਗਿਆ ਹੋਰ ਸਾਰਾ ਸਾਮਾਨ ਬਰਾਮਦ ਕਰ ਲਿਆ ਹੈ। ਪੀੜਤਾਂ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਰਵੀ ਕੁਮਾਰ, ਡੀਐਸਪੀ ਪਵਨ ਕੁਮਾਰ ਅਤੇ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਦੀ ਘਟਨਾਵਾਂ ਤੋਂ ਬਾਅਦ ਪੁਲੀਸ ਦੀਆਂ ਵੱਖ-ਵੱਖ ਟੀਮਾਂ ਸ਼ਹਿਰ ਵਿੱਚ ਮੁਲਜ਼ਮ ਦੀ ਭਾਲ ਕਰ ਰਹੀਆਂ ਸਨ। ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ’ਚ ਪੁਲੀਸ ਨੇ ਮਲੋਇਆ ਬੱਸ ਸਟੈਂਡ ’ਤੋਂ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸੀਸੀਟੀਵੀ ਫੁਟੇਜ਼ ਰਾਹੀਂ ਪੁਲੀਸ ਨੂੰ ਮੁਲਜ਼ਮ ਬਾਰੇ ਸੁਰਾਗ ਮਿਲਿਆ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਅਜੇ ਕੁਮਾਰ ਨੇ ਸ਼ਹਿਰ ’ਚ ਲੁੱਟ-ਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਲੁੱਟ-ਖੋਹ ਦੀਆਂ ਤਿੰਨ ਵਾਰਦਾਤਾਂ ਦੁਆਰਾ ਇਕੱਠੇ ਹੋਏ ਪੈਸਿਆਂ ਨਾਲ 28 ਜੂਨ ਨੂੰ ਬਾਬਾ ਬਾਲਕ ਨਾਥ ਦੀ ਯਾਤਰਾ ’ਤੇ ਗਿਆ ਸੀ ਅਤੇ 29 ਜੂਨ ਨੂੰ ਵਾਪਸ ਆਇਆ। ਇਸ ਤੋਂ ਬਾਅਦ ਹੁਣ ਉਸ ਨੇ ਹਰਿਦੁਆਰ ਜਾਣ ਦੀ ਯੋਜਨਾ ਬਣਾਈ ਸੀ। ਇਸ ਲਈ ਉਸ ਨੇ ਕੱਲ੍ਹ ਸ਼ਾਮੀ ਪੰਜ ਮਹਿਲਾਵਾਂ ਨਾਲ ਲੁੱਟ-ਖੋਹ ਕੀਤੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਮੁਲਜ਼ਮ ਕੋਲੋਂ ਪੀੜਤਾਂ ਤੋਂ ਖੋਹੇ ਗਏ ਸਾਰੇ ਪੈਸੇ, ਦਸਤਾਵੇਜ਼ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਨਸ਼ਾ ਕਰਨ ਦੀ ਆਦਤ ਹੈ।

T & T Honda