You are here: Home / featured / ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ’ਤੇ ਸਮੱਸਿਆਵਾਂ ਦੀ ਭਰਮਾਰ
ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ’ਤੇ ਸਮੱਸਿਆਵਾਂ ਦੀ ਭਰਮਾਰ

ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ’ਤੇ ਸਮੱਸਿਆਵਾਂ ਦੀ ਭਰਮਾਰ

ਇੱਥੋਂ ਦੇ ਸੈਕਟਰ-82 (ਪਿੰਡ ਪਾਪੜੀ) ਵਿੱਚ ਸਾਢੇ 3 ਏਕੜ ਵਿੱਚ 1.5 ਕਰੋੜ ਰੁਪਏ ਦੀ ਲਾਗਤ ਨਾਲ ਪਿਛਲੇ ਸਾਲ ਅਕਾਲੀ ਭਾਜਪਾ ਸਰਕਾਰ ਵੱਲੋਂ ਤਿਆਰ ਕੀਤੇ ਆਟੋਮੇਟਿਡ ਡਰਾਈਵਿੰਗ ਸੈਂਟਰ ’ਤੇ ਸਮੱਸਿਆਵਾਂ ਦੀ ਭਰਮਾਰ ਹੋਣ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰਾਂਸਪੋਰਟ ਵਿਭਾਗ ਵੱਲੋਂ 21 ਅਪਰੈਲ 2016 ਨੂੰ ਪੰਜਾਬ ਭਰ ਵਿੱਚ 22 ਜ਼ਿਲ੍ਹਾ ਪੱਧਰ ਅਤੇ 10  ਸਬ-ਡਿਵੀਜ਼ਨਾਂ ਵਿੱਚ ਨਵੀਂ ਤਕਨੀਕ ਨਾਲ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਤਿਆਰ ਕਰਵਾਏ ਗਏ ਸਨ। ਇਸ ਸੈਂਟਰ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਸਾਰੀ ਪ੍ਰਕਿਰਿਆ ਇੱਕ ਥਾਂ ’ਤੇ ਮੁਕੰਮਲ ਕਰਨ ਅਤੇ ਆਟੋਮੇਟਿਡ ਡਰਾਈਵਿੰਗ ਪ੍ਰੀਖਣ ਟਰੈਕ ’ਤੇ ਪ੍ਰਾਰਥੀ ਦਾ ਡਰਾਈਵਿੰਗ ਟੈਸਟ ਲੈ ਕੇ ਉਸ ਨੂੰ ਮੌਕੇ ’ਤੇ ਹੀ ਲਾਇਸੈਂਸ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਰਕਾਰ ਦੀ ਕਹਿਣੀ ਤੇ ਕਥਨੀ ਵਿੱਚ ਕਾਫੀ ਅੰਤਰ ਹੈ। ਇੱਥੋਂ ਦੇ ਆਟੋਮੇਟਿਡ ਡਰਾਈਵਿੰਗ ਸੈਂਟਰ ਵਿੱਚ ਦਫ਼ਤਰੀ ਕੰਮ ਤਾਂ ਠੀਕ ਚਲ ਰਿਹਾ ਹੈ ਪ੍ਰੰਤੂ ਬਰਸਾਤ ਦੇ ਦਿਨਾਂ ਵਿੱਚ ਏਅਰਪੋਰਟ ਸੜਕ ਤੋਂ ਸੈਂਟਰ ਤੱਕ ਪਹੁੰਚਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸੈਂਟਰ ਤੱਕ ਪਹੁੰਚ ਸੜਕ ਕੱਚੀ ਹੋਣ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਰਸਤੇ ਵਿੱਚ ਕਿੱਚੜ ਹੋਣ ਕਾਰਨ ਦੋ ਪਹੀਆ ਵਾਹਨ ਚਾਲਕ ਮੁਸ਼ਕਲਾਂ ਵਿੱਚ ਘਿਰੇ ਹੋਏ ਸਨ। ਐਸਡੀਐਮ ਡਾ. ਆਰਪੀ ਸਿੰਘ ਨੇ ਕਿਹਾ ਕਿ ਪਹਿਲਾਂ ਇੱਥੇ ਸਟਾਫ਼ ਘੱਟ ਸੀ ਜਿਸ ਕਾਰਨ ਦਿੱਕਤਾਂ ਆਉਂਦੀਆਂ ਸਨ ਪਰ ਹੁਣ ਇਹ ਸਮੱਸਿਆ ਹੱਲ ਹੋ ਗਈ ਹੈ। ਕੱਚੇ ਰਸਤੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਗਰਾਮ ਪੰਚਾਇਤ ਨਾਲ ਕੁੱਝ ਵਿਅਕਤੀਆਂ ਦਾ ਝਗੜਾ ਚਲ ਰਿਹਾ ਸੀ ਪ੍ਰੰਤੂ ਇਹ ਸਮੱਸਿਆ ਹੱਲ ਹੋ ਗਈ ਹੈ ਅਤੇ ਜਲਦੀ ਹੀ ਟਰੈਕ ਤੱਕ ਪੱਕੀ ਸੜਕ ਬਣਾਈ ਜਾਵੇਗੀ।

T & T Honda