You are here: Home / featured / ਲਾਈਟਾਂ ਲਾਉਂਦੇ ਦੋ ਮੁਲਾਜ਼ਮ ਲਿਫਟ ਤੋਂ ਡਿੱਗੇ; ਹਾਲਤ ਗੰਭੀਰ
ਲਾਈਟਾਂ ਲਾਉਂਦੇ ਦੋ ਮੁਲਾਜ਼ਮ ਲਿਫਟ ਤੋਂ ਡਿੱਗੇ; ਹਾਲਤ ਗੰਭੀਰ

ਲਾਈਟਾਂ ਲਾਉਂਦੇ ਦੋ ਮੁਲਾਜ਼ਮ ਲਿਫਟ ਤੋਂ ਡਿੱਗੇ; ਹਾਲਤ ਗੰਭੀਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੁਰਾਣੀਆਂ ਸਟਰੀਟ ਲਾਈਟਾਂ ਲਾਹ ਕੇ ਨਵੀਆਂ ਐਲਈਡੀ ਲਾਈਟਾਂ ਲਗਾਉਣ ਵਾਲੀ ਪ੍ਰਾਈਵੇਟ ਕੰਪਨੀ ਦੇ ਦੋ ਕਰਮਚਾਰੀ ਯਸ਼ਪਾਲ ਸਿੰਘ ਵਾਸੀ ਪਿੰਡ ਗੁਡਾਣਾ ਅਤੇ ਲਖਨਪਾਲ ਵਾਸੀ ਬਨੂੜ ਅੱਜ ਐਲਈਡੀ ਲਾਈਟਾਂ ਫਿਟ ਕਰਨ ਵਾਲੀ ਗੱਡੀ ਦੀ ਲਿਫ਼ਟ ਦੇ ਅਚਾਨਕ ਹੇਠਾਂ ਆ ਜਾਣ ਕਾਰਨ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਦੋਵਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਾਅਦ ਵਿੱਚ ਫੋਰਟਿਸ ਹਸਪਤਾਲ ਨੇ ਜ਼ਖਮੀਆਂ ਨੂੰ ਪੀਜੀਆਈ ਰੈਫਰ ਕਰ ਦਿੱਤਾ। ਦੋਵਾਂ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਹਨ ਅਤੇ ਡਾਕਟਰਾਂ    ਵੱਲੋਂ ਉਨ੍ਹਾਂ ਦਾ ਅਪਰੇਸ਼ਨ ਵੀ ਕੀਤਾ ਗਿਆ ਹੈ।
ਇਹ ਹਾਦਸਾ ਅੱਜ ਦੁਪਹਿਰ ਵੇਲੇ ਇੱਥੋਂ ਦੇ ਸੈਕਟਰ-67 ਵਿੱਚ ਉਸ ਵੇਲੇ ਵਾਪਰਿਆ ਜਦੋਂ ਐਲਈਡੀ ਲਾਈਟਾਂ ਲਗਾਉਣ ਵਾਲੀ ਕਰੇਨ ਦੀ ਹਾਈਡ੍ਰੋਲਿਕ ਲਿਫ਼ਟ ਅਚਾਨਕ ਹੇਠਾਂ ਆ ਗਈ ਅਤੇ ਯਸ਼ਪਾਲ ਸਿੰਘ ਅਤੇ ਲਖਨਪਾਲ ਕਾਫੀ ਉਚਾਈ ਤੋਂ ਜ਼ਮੀਨ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਇੱਕ ਵਿਅਕਤੀ ਲਿਫ਼ਟ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਅਤੇ ਉਹ ਲਿਫ਼ਟ ਦੇ ਉੱਪਰ ਕੀ ਕਰ ਰਿਹਾ ਸੀ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ।
ਮੁਹਾਲੀ ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਾਉਣ ਵਾਲੀ ਕੰਪਨੀ ਈ-ਸਮਾਰਟ ਦੇ ਪ੍ਰਾਜੈਕਟ ਇੰਜੀਨੀਅਰ ਅਜੀਤ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਦੋ ਕਰਮਚਾਰੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਸ਼ਹਿਰ ਵਿੱਚ ਐਲਈਡੀ ਲਾਈਟਾਂ ਬਦਲਣ ਦਾ ਇਹ ਕੰਮ ਅੱਗੇ ਠੇਕੇ ’ਤੇ ਦਿੱਤਾ ਗਿਆ ਹੈ ਅਤੇ         ਦੋਵੇਂ ਜ਼ਖ਼ਮੀ ਹੋਏ ਕਰਮਚਾਰੀ ਠੇਕੇਦਾਰ ਦੇ ਹਨ।
ਉਨ੍ਹਾਂ ਕਿਹਾ ਕਿ ਐਲਈਡੀ ਵਾਹਨ ਵਿੱਚ ਡਰਾਈਵਰ ਸਮੇਤ ਤਿੰਨ ਜਾਂ ਚਾਰ ਕਰਮਚਾਰੀ ਹੁੰਦੇ ਹਨ ਅਤੇ ਲਿਫ਼ਟ ਵਿੱਚ ਇਲੈਕਟ੍ਰੀਸ਼ੀਅਨ ਉੱਪਰ ਜਾ ਕੇ ਲਾਈਟਾਂ ਬਦਲਦਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਹੈਰਾਨ ਹਨ ਕਿ ਗੱਡੀ ਦਾ ਡਰਾਈਵਰ ਲਿਫ਼ਟ ਵਿੱਚ ਕੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਗੱਡੀਆਂ ਵਿੱਚ ਹਾਈਡ੍ਰੋਲਿਕ ਲਿਫ਼ਟਾਂ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਦਾ ਪ੍ਰੈਸ਼ਰ ਕੱਢੇ ਬਿਨਾਂ ਇਹ ਹੇਠਾਂ ਨਹੀਂ ਆ ਸਕਦੀਆਂ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਹੇਠਾਂ ਬੈਠੇ ਕਰਮਚਾਰੀ ਨੇ ਲਿਫ਼ਟ ਦਾ ਪ੍ਰੈਸ਼ਰ ਰਿਲੀਜ਼ ਕਰਨਾ ਵਾਲਾ ਬਟਨ ਦੱਬ ਕੇ ਪ੍ਰੈਸ਼ਰ ਕੱਢ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਉਹ ਠੇਕੇਦਾਰ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਰਹੇ ਹਨ।
ਕੰਪਨੀ ਦੇ ਠੇਕੇਦਾਰ ਲਲਿਤ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਲਿਫ਼ਟ ਵਿੱਚ ਕਿਸੇ ਵਰਕਰ ਵੱਲੋਂ ਅਚਾਨਕ ਬਟਨ ਦੱਬੇ ਜਾਣ ਕਾਰਨ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਕਰਮਚਾਰੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਮੈਡੀਕਲ ਰਿਪੋਰਟ ਮਗਰੋਂ ਹੋਵੇਗੀ ਕਾਰਵਾਈ: ਥਾਣਾ ਮੁਖੀ

ਫੇਜ਼-11 ਥਾਣੇ ਦੇ ਐਸਐਚਓ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵੇਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਹੈ। ਡਾਕਟਰਾਂ ਦੇ ਕਹਿਣ ਮੁਤਾਬਕ ਜ਼ਖ਼ਮੀ ਬਿਆਨ ਦੇਣ ਦੇ ਕਾਬਲ ਨਹੀਂ ਹਨ। ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

T & T Honda